
ਮੋਗਾ, 4 ਜੂਨ, (ਮੁਨੀਸ਼ ਜਿੰਦਲ)
ਸਬ-ਜੇਲ੍ਹ, ਮੋਗਾ ਵਿਖੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕੈਦੀਆਂ/ ਹਵਾਲਾਤੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਚਰਨਪ੍ਰੀਤ ਸਿੰਘ ਮਨੋਰੋਗ ਮਾਹਿਰ, ਡਾ. ਰੁਪਾਲੀ, ਅੱਖਾਂ ਦੇ ਸਪੈਸ਼ਲਿਸਟ, ਡਾ. ਗੌਤਮਬੀਰ ਸੋਢੀ ਡੈਂਟਿਸਟ, ਡਾ. ਮਨਿੰਦਰਜੀਤ ਸਿੰਘ ਓਰਥੋ, ਡਾ. ਜਸਪ੍ਰੀਤ ਕੌਰ, ਸਕਿਨ ਸਪੈਸ਼ਲਿਸਟ, ਡਾ: ਅਸ਼ਮਿਤਾ ਸਿੱਕਾ ਐੱਮ.ਡੀ. ਤੇ ਡਾ. ਗੁਰਅੰਜਨ ਕੌਰ ਐੱਮ.ਡੀ ਸਿਵਲ ਹਸਪਤਾਲ ਮੋਗਾ ਮੌਜੂਦ ਸਨ। ਇਸ ਕੈਂਪ ਵਿੱਚ ਉਕਤ ਟੀਮ ਵੱਲੋਂ ਕੁੱਲ 84 ਕੈਦੀਆਂ/ ਹਵਾਲਾਤੀਆਂ ਦਾ ਚੈਕਅੱਪ ਕੀਤਾ ਗਿਆ ਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਲੋਂ ਕੈਦੀਆਂ/ ਹਵਾਲਾਤੀਆਂ ਦੀਆਂ ਸੱਮਸਿਆਵਾਂ ਨੂੰ ਸੁਣਿਆ ਗਿਆ ਅਤੇ ਮੌਕੇ ਤੇ ਅਨੇਕਾਂ ਸਮਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ।

ਮੈਡੀਕਲ ਕੈਂਪ ਦੌਰਾਨ, ਹਵਾਲਾਤੀਆਂ/ ਕੈਦੀਆਂ ਦੀ ਜਾਂਚ ਕਰਦੇ ਮਾਹਿਰ।

ਜਿਲਾ ਜੱਜ ਸਰਬਜੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਾਲਾਤੀਆਂ/ ਕੈਦੀਆਂ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਾਂਗੇ। ਉਨ੍ਹਾਂ ਵੱਲੋਂ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਕਿ ਕੌਣ ਕੌਣ ਵਿਅਕਤੀ ਅਤੇ ਕਿਸ ਤਰ੍ਹਾਂ ਮੁੱਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਉਨਾਂ ਦੱਸਿਆ ਕਿ ਜੇਲ ਵਿੱਚ ਬੰਦ ਹਵਾਲਾਤੀ/ ਕੈਦੀ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵਲੋਂ ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਤਹਿਤ ਮੁਫ਼ਤ ਵਕੀਲ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਖਰਚਾ ਨਹੀਂ ਹੁੰਦਾ, ਸਾਰਾ ਖਰਚਾ ਇਸ ਅਥਾਰਟੀ ਵਲੋਂ ਕੀਤਾ ਜਾਂਦਾ ਹੈ ਅਤੇ ਨਾਲ ਹੀ ਉਨਾਂ ਦੀ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ।
ਇਸ ਮੌਕੇ ਤੇ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਮੈਡਮ ਕਿਰਨ ਜਯੋਤੀ, ਮਿਸ ਇਤੂ ਸੋਢੀ ਪ੍ਰਿੰਸੀਪਲ ਜੱਜ ਜੁਵੇਨਾਈਲ ਜਸਟਿਸ ਬੋਰਡ ਅਤੇ ਗੁਰਿੰਦਰ ਸਿੰਘ ਸੁਪਰਡੈਂਟ ਸੈਸ਼ਨ ਡਵੀਜਨ ਅਤੇ ਸਮੀਰ ਗੁਪਤਾ, ਚੀਫ ਲੀਗਲ ਏਡ ਡਿਫੈਂਸ ਕਾਊਂਸਲ ਤੇ ਪ੍ਰੀਤਇੰਦਰ ਸਿੰਘ ਗਿੱਲ ਡਿਪਟੀ ਚੀਫ ਲੀਗਲ ਏਡ ਡਿਫੈਂਸ ਕਾਊਂਸਲ ਮੋਗਾ ਵੀ ਹਾਜਰ ਸਨ।