
ਮੋਗਾ 19 ਜੁਲਾਈ, (ਮੁਨੀਸ਼ ਜਿੰਦਲ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜੀਵਨ ਜੋਤ ਸਕੀਮ ਤਹਿਤ ਉਹਨਾਂ ਬੱਚਿਆਂ ਦੀ ਪਹਿਚਾਨ ਕੀਤੀ ਜਾ ਰਹੀ ਹੈ ਜੋ ਪੜ੍ਨ ਦੀ ਉਮਰ ਵਿੱਚ ਭੀਖ ਮੰਗ ਰਹੇ ਹਨ ਜਾਂ ਬੱਚਿਆਂ ਤੋਂ ਜ਼ਬਰਦਸਤੀ ਭੀਖ ਮੰਗਵਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬਾਲ ਭਿਖਿਆ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਇਹਨਾਂ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ DNA ਟੈਸਟ ਵੀ ਕਰਵਾਇਆ ਜਾਣਾ ਹੈ। ਗ੍ਰੋਹਾਂ ਵੱਲੋਂ ਜਿਆਦਾਤਰ ਇਹ ਬੱਚੇ ਅਗਵਾਹ ਕੀਤੇ ਹੁੰਦੇ ਹਨ।

ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸ ਮੁਹਿੰਮ ਤਹਿਤ ਕਾਰਵਾਈਆਂ ਆਰੰਭ ਕਰ ਦਿੱਤੀਆਂ ਹਨ। ਇਸ ਤੇ ਚਲਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਵੱਲੋਂ ਬਾਲ ਭਲਾਈ ਕਮੇਟੀ, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਚਾਇਲਡ ਲਾਈਨ ਅਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਮਿਲ ਕੇ ਮੋਗਾ ਸ਼ਹਿਰ ਵਿੱਚ ਬੱਸ ਸਟੈਂਡ ਅਤੇ ਮੇਨ ਬਾਜ਼ਾਰ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਵਿਸ਼ੇਸ਼ ਚੈਕਿੰਗ ਦੌਰਾਨ ਪੰਜ ਬੱਚੇ ਰੈਸਕਿਊ ਕੀਤੇ ਗਏ ।
ਜਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਹਨਾਂ ਵਿਚੋਂ ਤਿੰਨ ਬੱਚੇ ਦੂਸਰੇ ਜਿਲ੍ਹੇ ਨਾਲ ਸਬੰਧ ਰੱਖਦੇ ਹਨ, ਜਦਕਿ ਦੋ ਬੱਚੇ ਜ਼ਿਲ੍ਹਾ ਮੋਗਾ ਦੇ ਨੇਚਰ ਪਾਰਕ ਦੇ ਰਹਿਣ ਵਾਲੇ ਹਨ। ਫਿਲਹਾਲ ਇਹਨਾਂ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਸ ਕਰਕੇ ਇਹਨਾਂ ਬੱਚਿਆਂ ਨੂੰ ਆਰਜੀ ਸ਼ੈਲਟਰ ਵਿੱਚ ਰੱਖਿਆ ਗਿਆ ਹੈ। ਜਦੋਂ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਮਿਲ ਜਾਣਗੇ ਤਾਂ ਇਹਨਾਂ ਦੀ ਕੌਂਸਲਿੰਗ ਕੀਤੀ ਜਾਵੇਗੀ ਅਤੇ ਸਖਤ ਹਦਾਇਤ ਕੀਤੀ ਜਾਵੇਗੀ ਕਿ ਇਹਨਾਂ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਪਰਮਜੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗਾਂ ਭਵਿਖ ਵਿੱਚ ਵੀ ਲਗਾਤਾਰ ਚੱਲਦੀਆਂ ਰਹਿਣਗੀਆਂ। ਉਹਨਾਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਚੈਕਿੰਗਾਂ ਜਾਂ ਕਾਰਵਾਈਆਂ ਜੰਗੀ ਪੱਧਰ ਤੇ ਕੀਤੀਆਂ ਜਾਣਗੀਆਂ ਅਤੇ ਜਿਲ੍ਹੇ ਨੂੰ ਜਲਦ ਤੋਂ ਜਲਦ ਬਾਲ ਭਿਖਿਆ ਮੁਕਤ ਜ਼ਿਲ੍ਹਾ ਬਣਾਇਆ ਜਾਵੇਗਾ।

