
ਮੋਗਾ 7 ਅਗਸਤ, (ਮੁਨੀਸ਼ ਜਿੰਦਲ)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਸਵੀਂ ਅਤੇ ਬਾਰਵੀਂ ਸ਼੍ਰੇਣੀ ਅਗਸਤ 2025 ਅਨੁਪੂਰਕ ਪ੍ਰੀਖਿਆ (ਕੰਪਾਰਟਮੈਂਟ/ ਰੀ-ਅਪੀਅਰ, ਸਮੇਤ ਓਪਨ ਸਕੂਲ, ਵਾਧੂ ਵਿਸ਼ਾ ਅਤੇ ਓਪਨ ਸਕੂਲ ਬਲਾਕ-2 ਦੀਆਂ ਪ੍ਰੀਖਿਆਵਾਂ 8 ਅਗਸਤ ਤੋਂ 29 ਅਗਸਤ 2025 ਤੱਕ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰੀਖਿਆਵਾਂ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2:15 ਵਜੇ ਤੱਕ ਹੋਣਗੀਆਂ।

ਜਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਵੱਲੋਂ ਜਿਲ੍ਹਾ ਮੋਗਾ ਦੇ ਅੰਦਰ ਸਥਾਪਿਤ ਪ੍ਰੀਖਿਆ ਕੇੱਦਰਾਂ ਦੇ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਅਤੇ ਡਿਊਟੀ ਸਟਾਫ ਤੋਂ ਬਿਨ੍ਹਾਂ ਆਮ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 8 ਅਗਸਤ ਤੋਂ 29 ਅਗਸਤ 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 2:15 ਤੱਕ ਲਾਗੂ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਅਤੇ ਅਮਨ ਅਮਾਨ ਨਾਲ ਨੇਪਰੇ ਚਾੜਨ ਦੇ ਮਕਸਦ ਨਾਲ ਇਹ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਜਿਲ੍ਹਾ ਮੋਗਾ ਵਿੱਚ ਬੋਰਡ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।