logo

ਕਿਸਾਨ ਰਾਜਦੀਪ ਦਾ, ਇੱਕ ਕਿਸਾਨ ਤੋਂ ਵਪਾਰਕ ਸਫਰ ! ਡਿਪਟੀ ਕਮਿਸ਼ਨਰ ਸਾਰੰਗਲ ਨੇ ਵੀ ਕੀਤੀ ਸ਼ਲਾਘਾ !!

ਕਿਸਾਨ ਰਾਜਦੀਪ ਦਾ, ਇੱਕ ਕਿਸਾਨ ਤੋਂ ਵਪਾਰਕ ਸਫਰ ! ਡਿਪਟੀ ਕਮਿਸ਼ਨਰ ਸਾਰੰਗਲ ਨੇ ਵੀ ਕੀਤੀ ਸ਼ਲਾਘਾ !!

ਮੋਗਾ, 9 ਜਨਵਰੀ (ਮੁਨੀਸ਼ ਜਿੰਦਲ)

ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੇ 31 ਸਾਲਾ ਉੱਦਮੀ ਕਿਸਾਨ ਰਾਜਦੀਪ ਸਿੰਘ ਨੇ ਸਹੀ ਦ੍ਰਿਸ਼ਟੀਕੋਣ, ਮਿਹਨਤ ਅਤੇ ਨਵੀਨਤਾ ਨਾਲ ਕਾਮਯਾਬੀ ਦੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਉਸ ਦੁਆਰਾ ਰਵਾਇਤੀ ਖੇਤੀ ਨਾਲੋਂ ਅੱਗੇ ਵਧ ਕੇ ਗੁੜ ਦੀ ਪ੍ਰੋਸੈਸਿੰਗ ਕਰਕੇ ਆਪਣਾ ਵਿਲੱਖਣ ਨਾਂ ਸਥਾਪਿਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਦੋਂ ਉਸ ਦੇ ਸਾਥੀ ਵਿਦੇਸ਼ ਜਾਣ ਦੇ ਸੁਪਨੇ ਦੇਖ ਰਹੇ ਸਨ, ਉਸਨੇੇ ਪਿੰਡ ਵਿੱਚ ਰਹਿ ਕੇ ਖੇਤੀ ਨਾਲ ਜੁੜਿਆ ਭਵਿੱਖ ਦੇਖਿਆ ਅਤੇ ਵਧੀਆ ਗੁਣਵੱਤਾ ਵਾਲੇ ਜਹਿਰ ਮੁਕਤ ਖਾਣੇ ਦੀ ਮੰਗ ਨੂੰ ਸਮਝਿਆ।ਸਾਲ 2023 ਵਿੱਚ ਰਾਜਦੀਪ ਸਿੰਘ ਨੇ ਪੀ.ਏ.ਯੂ. ਅਤੇ ਕੇ.ਵੀ.ਕੇ. ਦੇ ਵਿਗਿਆਨੀਆਂ ਦੀ ਸਲਾਹ ਨਾਲ ਗੁੜ ਅਤੇ ਸ਼ੱਕਰ ਬਨਾਉਣ ਦਾ ਕੰਮ ਸ਼ੁਰੂ ਕੀਤਾ, ਜੋ ਕਿ ਪੂਰੀ ਤੌਰ ਉੱਤੇ ਪ੍ਰਵਾਨ ਚੜ੍ਹਿਆ।

ਦੱਸਣਯੋਗ ਹੈ ਕਿ ਰਾਜਦੀਪ ਸਿੰਘ ਨੇ ਲੋੜੀਂਦੀ ਮਸ਼ੀਨਰੀ, ਕੜਾਹੇ, ਤਵੇ ਦੀ ਮੋਟਾਈ, ਚੋਬੇ ਦੀ ਬਣਤਰ, ਉਚਾਈ ਸੰਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਤੋਂ ਸਮੇਂ-ਸਮੇਂ ਸਿਰ ਜਾਣਕਾਰੀ ਹਾਸਿਲ ਕਰਕੇ 6 ਲੱਖ ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਮੋਗਾ-ਲੁਧਿਆਣਾ ਦੇ ਮੇਨ ਹਾਈਵੇਅ ਤੇ ਪੈਂਦੇ ਕੋਕਰੀ ਫੂਲਾ ਸਿੰਘ ਵਾਲਾ ਵਿਖੇ ਗੰਨੇ ਤੋਂ ਗੁੜ ਦੇ ਵਪਾਰ ਦੀ ਸ਼ੁਰੂਆਤ ਕੀਤੀ। ਉਹ ਰਸਾਇਣ ਮੁਕਤ ਰੋਹ (ਰਸ) ਦੀ ਸਫਾਈ ਲਈ ਭਿੰਡੀ ਦੇ ਪਾਣੀ ਦੀ ਵਰਤੋਂ ਕਰਦਾ ਹੈ। ਉਸ ਨੇ ਕੰਮ ਨੂੰ ਸਿਰਫ ਗੁੜ ਦੀ ਭੇਲੀ (ਪੀਸ) ਬਨਾਉਣ ਤੱਕ ਸੀਮਤ ਨਹੀਂ ਰੱਖਿਆ ਸਗੋਂ ਗਾਹਕ ਦੀ ਮੰਗ ਅਨੁਸਾਰ ਟੁਕੜੀ (ਬਰਫੀ) ਵਾਲਾ ਗੁੜ, ਡਰਾਈ ਫਰੂਟ ਵਾਲਾ ਗੁੜ, ਸ਼ੱਕਰ, ਗੁੜ ਚਨਾ, ਹੋਰ ਕਈ ਪ੍ਰਕਾਰ ਦੀ ਵਰਾਇਟੀ ਤਿਆਰ ਕੀਤੀ। ਘੁਲਾੜੇ ਦੀ ਜਗ੍ਹਾ ਦੀ ਚੋਣ ਢੁੱਕਵੀਂ ਹੋਣ ਕਾਰਨ ਉਹਨਾਂ ਨੂੰ ਪਹਿਲੇ ਹੀ ਸਾਲ ਵਿੱਚ ਚੰਗਾ ਉਤਸ਼ਾਹ ਮਿਲਿਆ। ਸੜਕ ਦੇ ਨਾਲ-ਨਾਲ ਉਠਦੇ ਮੱਠੇ-ਮੱਠੇ ਧੂੰਏਂ ਅਤੇ ਗੁੜ ਦੀ ਮਹਿਕ ਖ੍ਰੀਦਦਾਰ ਨੂੰ ਮੱਲੋ ਮੱਲੀ ਰੁਕਣ ਲਈ ਮਜ਼ਬੂਰ ਕਰ ਦਿੰਦੀ ਹੈ। ਗੰਨੇ ਦੀ ਰੋਹ ਦੀ ਪਰਖ ਉਸ ਦੀ ਪੀ.ਐਚ ਅਤੇ ਟੀ.ਐਸ.ਐਸ ਦੇ ਅਧਾਰ ਕੀਤੀ ਜਾਂਦੀ ਹੈ, ਜੋ ਗੁੜ ਦੀ ਕੁਆਲਟੀ ਅਤੇ ਭੰਡਾਰਨ ਲਈ ਜ਼ਿੰਮੇਵਾਰ ਹੁੰਦੇ ਹਨ। ਇਸ ਘੁਲਾੜੇ ਨੂੰ ਭਾਰਤ ਸਰਕਾਰ ਦੀ ਐਮ.ਐਸ.ਐਮ. ਈ ਸਕੀਮ ਤਹਿਤ ਰਜਿਸਟਰ ਕੀਤਾ ਗਿਆ ਅਤੇ ਆਪਣੇ ਇਸ ਯੂਨਿਟ ਦਾ ਨਾਮ ‘ਗੋਲਡਨ ਓਰਾ’ ਰੱਖਿਆ। ਇਸ ਤੋਂ ਇਲਾਵਾ ਉਹ ਬੇਕਰੀ ਦੇ ਕੰਮ ਵੀ ਕਰਦਾ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਰਮਨਦੀਪ ਕੌਰ ਅਤੇ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਰਾਜਦੀਪ ਸਿੰਘ ਨੇ ਬੇਕਰੀ ਵਿੱਚ ਗੁੜ ਨੂੰ ਖੰਡ ਦੀ ਥਾਂ ਕੁਦਰਤੀ ਮਿਠਾਸ ਦੇ ਤੌਰ ਤੇ ਵਰਤਿਆ ਅਤੇ ਭੰਡਾਰਨ ਲਈ ਰੱਖੇ ਗੁੜ ਤੋਂ ਲਾਭ ਨੂੰ ਦੋਗੁਣਾ ਕਰ ਲਿਆ। ਉਸ ਦੁਆਰਾ ਤਿਆਰ ਕੀਤੇ ਆਟੇ ਦੇ ਬਿਸਕੁਟ ਵਿੱਚ ਦੇਸੀ ਘਿਓ, ਕਣਕ ਦਾ ਆਟਾ, ਦੁੱਧ ਅਤੇ ਗੁੜ ਸ਼ਾਮਿਲ ਕੀਤਾ ਗਿਆ। ਉਸਨੇ ਗੋਲਡਨ ਓਰਾ ਨੂੰ ਟਿਕਾਊ ਬ੍ਰਾਂਡ ਬਨਾਉਣ ਲਈ ਖੁਰਾਕ ਸੁਰੱਖਿਆ ਨਿਯਮਾਂ ਦੇ ਤਹਿਤ FSSAI ਅਤੇ MSME ਤੋਂ ਜਰੂਰੀ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਹੋਇਆ ਹੈ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਰਾਜਦੀਪ ਸਿੰਘ ਦੇ ਜ਼ਜਬੇ ਨੂੰ ਸਲਾਮ ਕਰਦਿਆਂ ਹੋਰ ਕਿਸਾਨਾਂ ਨੂੰ ਵੀ ਮਿਹਨਤ ਨਾਲ ਕੁਝ ਨਵਾਂ ਕਰਨਾ ਲਈ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਰਾਜਦੀਪ ਸਿੰਘ ਦੀ ਕਹਾਣੀ ਇਹ ਦਰਸਾਉਂਦੀ ਹੈ ਕਿ ਸਹੀ ਦ੍ਰਿਸ਼ਟੀਕੋਣ, ਮਿਹਨਤ ਅਤੇ ਨਵੀਨਤਾ ਨਾਲ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਉਸਦੀ ਕਾਮਯਾਬੀ ਨੇ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਖੇਤੀ ਵਿੱਚ ਪਦਾਰਥਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਧਾਊ ਉਤਪਾਦ ਬਨਾਉਣ ਅਤੇ ਉਦਯੋਗਤਾ ਦੇ ਬਾਰੇ ਸੋਚਣ ਲਈ ਪ੍ਰੇਰਨਾ ਦਿੱਤੀ ਹੈ।

administrator

Related Articles

Leave a Reply

Your email address will not be published. Required fields are marked *

error: Content is protected !!