
ਮੋਗਾ 10 ਫਰਵਰੀ (ਮੁਨੀਸ਼ ਜਿੰਦਲ)
ਡਾ. ਕਰਨਜੀਤ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ, ਮੋਗਾ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਦੀ ਸਮੁੱਚੀ ਟੀਮ ਵੱਲੋਂ ਪਿੰਡ ਝੰਡੇਆਣਾ ਗਰਬੀ ਵਿਖੇ ਵਿਸ਼ਵ ਦਾਲਾਂ ਦਿਵਸ ਮੌਕੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਡਾ. ਸੁਖਰਾਜ ਕੌਰ, ਖੇਤੀਬਾੜੀ ਅਫਸਰ (ਸਦਰ ਮੁਕਾਮ) ਮੋਗਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਕਿਸਾਨ ਨੂੰ ਹੋਰ ਫਸਲਾਂ ਤੋਂ ਇਲਾਵਾ, ਦਾਲਾਂ ਦੀ ਕਾਸ਼ਤ ਵੀ ਕਰਨੀ ਚਾਹੀਦੀ ਹੈ। ਤਾਂ ਜੋ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕੇ। ਕਿਉਂਕਿ ਇਹ ਫਲੀਦਾਰ ਫਸਲਾਂ ਦੀਆਂ ਜੜ੍ਹਾਂ ਵਿਚ ਮੌਜੂਦ ਬੈਕਟਰੀਆ ਹਵਾ ਵਿਚੋਂ ਨਾਈਟੋ੍ਰਜਨ ਲੈਕੇ ਧਰਤੀ ਵਿਚ ਫਿਕਸ ਕਰ ਦਿੰਦੇ ਹਨ। ਜੋ ਕਿ ਅਗਲੇਰੀ ਫਸਲ ਲਈ ਯੂਰੀਆ ਖਾਦ ਦੀ ਖਪਤ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ। ਦਾਲਾਂ ਦੀ ਕਾਸ਼ਤ ਨਾਲ ਦੇਸ਼ ਵਿੱਚ ਦਾਲਾਂ ਦੀ ਪੂਰਤੀ ਲਈ ਵੀ ਯੋਗਦਾਨ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਹਰ ਕਿਸਾਨ ਵੱਲੋਂ ਘਰ ਦੀਆਂ ਜ਼ਰੂਰਤਾਂ ਲਈ ਦਾਲਾਂ ਦੀ ਕਾਸ਼ਤ ਕੀਤੀ ਜਾਂਦੀ ਸੀ। ਅਤੇ ਦਾਲਾਂ ਦੀਆਂ ਫਲੀਆਂ ਨੂੰ ਮਜ਼ਦੂਰਾਂ ਵੱਲੋਂ ਹੱਥੀ ਤੋੜਿਆ ਜਾਂਦਾ ਸੀ। ਫਸਲ ਦਾ ਕੁੱਝ ਹਿੱਸਾ ਮਜ਼ਦੂਰ ਵੀ ਲੈਕੇ ਜਾਂਦੇ ਸਨ। ਇਸ ਤਰ੍ਹਾਂ ਹਰ ਘਰ ਵਿਚ ਦਾਲਾਂ ਹੁੰਦੀਆਂ ਸਨ। ਪਰ ਅਜੋਕੇ ਸਮੇਂ ਵਿਚ ਦਾਲਾਂ ਦੀ ਥਾਂ ਕਣਕ, ਝੋਨੇ ਅਤੇ ਹੋਰ ਰਵਾਇਤੀ ਫਸਲਾਂ ਨੇ ਲੈ ਲਈ ਹੈ। ਜਿਸ ਕਾਰਨ ਦਾਲਾਂ ਦੀ ਪੂਰਤੀ ਬਾਹਰਲੇ ਦੇਸ਼ਾਂ ਤੋਂ ਕਰਨੀ ਪੈ ਰਹੀ ਹੈ। ਜਿਸ ਕਰਕੇ ਦਾਲਾਂ ਦਾ ਮੁੱਲ ਦਿਨੋ ਦਿਨ ਵੱਧ ਰਿਹਾ ਹੈ। ਅਤੇ ਆਮ ਲੋਕਾਂ ਉੱਤੇ ਆਰਥਿਕ ਬੋਝ ਬਣ ਰਿਹਾ ਹੈ।

ਇਹ ਸਾਰਾ ਕੁੱਝ ਕਹਿੰਦਿਆਂ ਉਨ੍ਹਾਂ ਨੇ ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਡਾ. ਕੰਵਲਜੀਤ ਸਿੰਘ, ਬਲਾਕ ਟੈਕਨਾਲੋਜੀ ਮੈਨੇਜਰ ਆਤਮਾ ਨੇ ਕਿਸਾਨਾਂ ਨੂੰ ਘਰ ਦੀਆਂ ਜ਼ਰੂਰਤਾਂ ਲਈ ਸਬਜ਼ੀਆਂ ਅਤੇ ਵੱਧ ਤੋਂ ਵੱਧ ਰਕਬਾ ਦਾਲਾਂ ਦੀ ਖੇਤੀ ਅਧੀਨ ਲਿਆਉਣ ਦੀ ਅਪੀਲ ਕੀਤੀ। ਤਾਂ ਜੋ ਫਾਇਦੇ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕੇ। ਇਸ ਕਿਸਾਨ ਕੈਂਪ ਵਿਚ ਡਾ. ਮਨਮੋਹਣ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ, ਅਮੋਲਦੀਪ ਸਿੰਘ ਏ.ਐਸ.ਆਈ ਨੇ ਦਾਲਾਂ ਦੀ ਪ੍ਰੋਸੈਸਿੰਗ, ਕੁਲਦੀਪ ਸਿੰਘ ਏ.ਐਸ.ਆਈ ਨੇ ਕਣਕ ਦੀ ਫ਼ਸਲ ਤੇ ਪੀਲੀ ਕੁੰਗੀ ਦੇ ਹਮਲੇ ਅਤੇ ਬਚਾਅ ਸਬੰਧੀ ਕਿਸਾਨਾਂ ਨੂੰ ਜਾਗ੍ਰਿਤ ਕੀਤਾ।

ਕਿਸਾਨ ਸਿਖਲਾਈ ਕੈਂਪ ਵਿਚ ਪਿੰਡ ਦੇ ਅਗਾਂਹਵਧੂ ਕਿਸਾਨ ਸੁਖਦੇਵ ਸਿੰਘ, ਸ਼ਿਵਰਾਜ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਰੂਪ ਸਿੰਘ, ਜਗਰਾਜ ਸਿੰਘ, ਕੁਲਦੀਪ ਸਿੰਘ, ਗੁਰਦੇਵ ਕੌਰ, ਦਰਸ਼ਨ ਕੌਰ ਤੋਂ ਇਲਾਵਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਡਾ. ਅਮ੍ਰਿੰਤਪਾਲ ਸਿੰਘ ਬਲਾਕ ਖੇਤੀਬਾੜੀ ਅਫਸਰ, ਮੋਗਾ 2 ਨੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।

