
ਮੋਗਾ 25 ਫਰਵਰੀ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਸੁਤੰਤਰਤਾ ਸੈਨਾਨੀ ਭਵਨ ਵਿਖੇ ਮੋਗਾ ਦੀਆਂ ਸਮੂਹ ਸਾਹਿਤਕ ਸਭਾਵਾਂ ਵਲੋੰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਮਾਗਮ ਹੋਇਆ। ਪ੍ਰਧਾਨਗੀ ਮੰਡਲ ਵਿਚ ਜ਼ਿਲਾ੍ ਭਾਸ਼ਾ ਅਫਸਰ ਡਾ ਅਜੀਤਪਾਲ ਸਿੰਘ ਜਟਾਣਾ, ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਡਾ.ਸੁਰਜੀਤ ਬਰਾੜ ਅਤੇ ਜੰਗੀਰ ਸਿੰਘ ਖੋਖਰ ਸ਼ਾਮਲ ਸਨ। ਪਰਮਜੀਤ ਸਿੰਘ ਚੂਹੜਚੱਕ ਨੇ ਇਸ ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਸਮਾਗਮ ਵਿਚ ਪੰਜਾਬੀ ਮਾਂ ਬੋਲੀ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ। ਇਸ ਤੋ ਇਲਾਵਾ ਵੱਖ ਵੱਖ ਸਾਹਿਤ ਸਭਾਵਾਂ ਨਾਲ ਸਬੰਧਤ ਸਾਹਿਤਕਾਰਾਂ ਨੇ ਰਚਨਾਵਾਂ ਪੇਸ਼ ਕਰਦੇ ਹੋਏ ਬਲਬੀਰ ਪਰਦੇਸੀ, ਸੁਰਜੀਤ ਸਿੰਘ ਕਾਲੇਕੇ, ਕਰਨਲ ਬਾਬੂ ਸਿੰਘ, ਡਾ ਬਲਦੇਵ ਸਿੰਘ ਢਿਲੋ ਨੇ ਗਜ਼ਲਾਂ ਦੀ ਪੇਸ਼ਕਾਰੀ ਕੀਤੀ। ਵਿਵੇਕ ਕੋਟ ਈਸੇ ਖਾਂ,ਪਰਮਜੀਤ ਚੂਹੜਚੱਕ ਤੇ ਗੁਰਨਾਮ ਗਾਮਾ ਨੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ। ਗੁਰਦੇਵ ਦਰਦੀ, ਹਰਭਜਨ ਨਾਗਰਾ, ਸੋਨੀ ਮੋਗਾ, ਗਿੱਲ ਕੋਟਲੀ ਸੰਘਰ, ਕੈਪਟਨ ਜਸਵੰਤ ਸਿੰਘ ਨੇ ਸਮਾਗਮ ਵਿਚ ਤਰਨੱਮ ਵਿਚ ਖੂਬਸੂਰਤ ਗੀਤਾਂ ਦੀ ਝੜੀ ਲਗਾਉਂਦੇ ਹੋਏ ਸਮਾਗਮ ਨੂੰ ਉੱਚ ਪੱਧਰ ਦਾ ਬਣਾਉਣ ਲਈ ਯਤਨ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਡਾ.ਅਜੀਤਪਾਲ ਸਿੰਘ ਜਟਾਣਾ ਨੇ ਸੰਬੋਧਨ ਕਰਦਿਆਂ ਸਾਹਿਤਕਾਰਾੰ ਨੂੰ ਪੰਜਾਬੀ ਦੇ ਵਿਕਾਸ ਲਈ ਪ੍ਰੇਰਿਆ। ਡਾ. ਸੁਰਜੀਤ ਬਰਾੜ, ਬਲਦੇਵ ਸੜਕਨਾਮਾਂ, ਡਾ. ਸੁਰਜੀਤ ਦੌਧਰ, ਗੁਰਮੇਲ ਬੌਡੇ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਮਿਆਰੀ ਬਣਾਉਣ ਅਤੇ ਉਚਾ ਚੁੱਕਣ ਲਈ ਯਤਨ ਕਰਨ ਦੀ ਲੋੜ ਹੈ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਆਪਣਾ ਆਪਣਾ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬੀ ਮਾਂ ਬੋਲੀ ਸਬੰਧੀ ਵਿਚਾਰ ਚਰਚਾ ਤੇ ਉਸਾਰੂ ਬਹਿਸ ਹੋਈ। ਅੰਤ ਵਿਚ ਸ੍ਰੋਮਣੀ ਸਾਹਿਤਕਾਰ ਤੇ ਨਾਵਲਕਾਰ ਬਲਦੇਵ ਸੜਕਨਾਮਾ ਨੇ ਸਮਾਗਮ ਵਿਚ ਸ਼ਾਮਿਲ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

