
ਮੋਗਾ 21 ਮਾਰਚ (ਮੁਨੀਸ਼ ਜਿੰਦਲ)

ਜਮੂਹਰੀ ਅਧਿਕਾਰ ਸਭਾ ਪੰਜਾਬ ਮੋਗਾ ਇਕਾਈ ਦੇ ਆਗੂਆਂ, ਸਰਬਜੀਤ ਸਿੰਘ ਦੌਧਰ, ਦਰਸ਼ਨ ਸਿੰਘ ਤੂਰ, ਚਮਕੌਰ ਸਿੰਘ , ਭਿੰਦਰ ਪਾਲ, ਸੁਖਦੇਵ ਸਿੰਘ, ਪ੍ਰੇਮ ਕੁਮਾਰ ਨੇ ਇੱਕ ਸਾਂਝਾ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ, ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਇੱਕ ਸਾਲ ਤੋਂ ਬੈਠੇ ਕਿਸਾਨਾਂ ਤੇ ਜਬਰ ਕਰਨ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ, ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੰਜਾਬ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਇਸ ਕਾਰਵਾਈ ਨੂੰ ਲੋਕਾਂ ਦੇ ਆਪਣੇ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਕਰਨ, ਧਰਨੇ ਮੁਜਾਹਰੇ ਕਰਨ ਦੇ ਸਵਿਧਾਨਕ ਅਤੇ ਜਮੂਹਰੀ ਹੱਕਾਂ ਤੇ ਛਾਪਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਗਏ ਆਗੂਆਂ ਦੀ ਗ੍ਰਿਫਤਾਰੀ ਕਰਕੇ, ਕਿਸਾਨਾਂ ਦੀ ਧੂਹ ਖਿੱਚ ਕਰਕੇ ਉਹਨਾਂ ਨੂੰ ਧਰਨੇ ਤੋਂ ਚੁੱਕਣਾ, ਉਸ ਅੰਨ ਦਾਤੇ ਨੂੰ ਜਲੀਲ ਕਰਨ ਦੇ ਬਰਾਬਰ ਹੈ, ਜੋ ਆਪਣੀ ਮੁੜ੍ਹਕੇ ਦੀ ਕਮਾਈ ਨਾਲ ਸਾਰੇ ਸੰਸਾਰ ਲਈ ਅੰਨ ਪੈਦਾ ਕਰਦਾ ਹੈ। ਉਹਨਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨ ਆਗੂ ਤੁਰੰਤ ਰਿਹਾਅ ਕੀਤੇ ਜਾਣ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਜਾਇਜ ਤੇ ਸੰਵਿਧਾਨਕ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।