
ਮੋਗਾ, 24 ਮਈ, (ਮੁਨੀਸ਼ ਜਿੰਦਲ)
ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉਥੇ ਕਿਸਾਨਾਂ ਨੂੰ ਪਨੀਰੀ ਬੀਜ ਕੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਤੋਂ ਪਹਿਲਾ ਖੁਦ ਪਿੰਡ ਬੁੱਧ ਸਿੰਘ ਵਾਲਾ ਦੇ ਕਿਸਾਨ ਨਾਰੰਗ ਸਿੰਘ ਦੇ ਖੇਤ ਵਿੱਚ ਟੈ੍ਰਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਤੋਂ ਬਾਅਦ ਕੀਤਾ।
ਡਿਪਟੀ ਕਮਿਸ਼ਨਰ ਸਾਗਰ ਸੇਤੀਆਂ ਨੇ ਕਿਸਾਨਾਂ ਨੂੰ ਦਿਨੋਂ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਘੱਟੋ ਸਮੇਂ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਬੀਜਣ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ’ਤੇ ਪ੍ਰਤੀ ਏਕੜ 1500 ਰੁਪਏ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਲਈ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਨਾਲ ਸਿੱਧਾ ਰਾਬਤਾ ਰਹੇਗਾ ਅਤੇ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਦਾ ਖੇਤੀਬਾੜੀ ਵਿਭਾਗ ਪਹਿਲ ਦੇ ਆਧਾਰ ਤੇ ਹਲ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸਾਨੂੰ ਰਵਾਇਤੀ ਫਸਲਾਂ ਵੱਲ ਮੁੜਨਾ ਪਵੇਗਾ ਕਿਉਂਕਿ ਰਵਾਇਤੀ ਫਸਲਾਂ ਤੋਂ ਵਗੈਰ ਸਾਡਾ ਗੁਜ਼ਾਰਾ ਸੰਭਵ ਨਹੀ ਹੈ।


DC ਸਾਗਰ ਤੇ ਹੋਰ ਪਤਵੰਤੇ, ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਦੇ ਹੋਏ।
ਉਨ੍ਹਾਂ ਆਸ ਪ੍ਰਗਟਾਈ ਕਿ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਜਾਵੇਗੀ, ਉਥੇ ਰਵਾਇਤੀ ਫਸਲਾਂ ਨਰਮਾ, ਕਪਾਹ, ਮੱਕੀ, ਮੂੰਗੀ ਅਦਿ ਬੀਜਣ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਹਨਾਂ ਦਸਿਆ ਕਿ ਇਸ ਸਾਲ 190 ਏਕੜ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਫਸਲਾਂ ਦਾ ਮੰਡੀਕਰਨ ਵੀ ਬਿਹਤਰ ਤਰੀਕੇ ਨਾਲ ਹੋਵੇਗਾ ਅਤੇ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਜਿਹੜੇ ਖੇਤਾਂ ਦੇ ਵਿੱਚ ਪਾਈਪਾਂ ਜਾਂ ਖਾਲੇ ਬਣਾਉਣ ਵਾਲੇ ਹਨ, ਉਹ ਵੀ ਨਰੇਗਾ ਜ਼ਰੀਏ ਬਣਾ ਕੇ ਦਿੱਤੇ ਜਾਣਗੇ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਹਰ ਬਲਾਕ ਵਿੱਚ ਤਾਇਨਾਤ ਹਨ, ਜੋ ਕਿਸਾਨਾਂ ਤੱਕ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਰਵਾਇਤੀ ਫਸਲਾਂ ਬੀਜਣ ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਮੇਂ ਸਮੇਂ ਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਤੇ ਕਿਸਾਨ ਭਰਾ ਵੀ ਇਹਨਾਂ ਕੈਂਪਾਂ ਤੋਂ ਜਾਗਰੂਕ ਹੋ ਕੇ ਹੁਣ ਝੋਨੇ ਦੀ ਸਿੱਧੀ ਬਜਾਈ ਅਤੇ ਨਰਮੇ ਵਰਗੀਆਂ ਫਸਲਾਂ ਨੂੰ ਮੁੜ ਤੋਂ ਖੇਤਾਂ ਵਿੱਚ ਬੀਜਣ ਲਈ ਤਿਆਰ ਹੋਏ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਲਾ ਮੋਗਾ ਵਿੱਚ ਨਰਮੇ ਅਤੇ ਕਪਾਹ ਦੀ ਖੇਤੀ ਦਾ ਰਕਬਾ ਵੱਡੇ ਪੱਧਰ ਤੇ ਵਧੇਗਾ। ਉਹਨਾਂ ਪੈਸਟੀਸਾਈਡ ਦਵਾਈ ਵਿਕਰੇਤਾਵਾਂ ਨੂੰ ਵੀ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨ ਤੇ, ਦੋ ਨੰਬਰ ਦੀ ਦਵਾਈ ਮਿਲਦੀ ਹੈ ਜਾਂ ਕਿਸੇ ਵੀ ਦੁਕਾਨਦਾਰ ਦੀ ਦਵਾਈ ਨਾਲ ਕਿਸੇ ਕਿਸਾਨ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ, ਤਾਂ ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਤੋਂ ਪਹਿਲਾ ਅਗਾਂਹਵਧੂ ਕਿਸਾਨ ਜਸਵਿੰਦਰ ਸਿੰਘ ਜੈਲਦਾਰ ਅਤੇ ਨਾਰੰਗ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਤੋਂ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ, ਉੱਥੇ ਉਹ ਹਰ ਸਾਲ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਖਪਤ ਕਰਕੇ ਫਸਲਾਂ ਬੀਜਣ ਨੂੰ ਤਰਜੀਹ ਦੇ ਰਹੇ ਹਨ। ਇਸ ਮੌਕੇ ਤੇ ਕਿਸਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਉਹ ਆਪ ਖੁਦ ਝੋਨੇ ਦੀ ਸਿੱਧੀ ਬਿਜਾਈ ਵੱਡੇ ਪੱਧਰ ਤੇ ਕਰ ਰਹੇ ਹਨ, ਉੱਥੇ ਉਹ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਹੋਰਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਕਿਸਾਨ ਭਰਾ ਝੋਨੇ ਦੀ ਸਿੱਧੀ ਬਿਜਾਈ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਦੇ ਖੇਤਾਂ ਵਿੱਚ ਆਪਣੀਆਂ ਮਸ਼ੀਨਾਂ ਨਾਲ ਮੁਫਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਆਉਣਗੇ। ਉਹਨਾਂ ਕਿਹਾ ਕਿ ਸਿੱਧੀ ਬਜਾਈ ਕਰਵਾਉਣ ਦਾ ਮਕਸਦ ਦਿਨੋ ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣਾ ਹੈ।
ਇਸ ਮੌਕੇ ਤੇ ਸਤਵੀਰ ਸਿੰਘ ਖੋਸਾ (ਏਟੀਐਮ) ਤੂੰਬੜਭੰਨ, ਗਨੇਸ ਕੁਮਾਰ ਚੜਿੱਕ, ਜਸਵਿੰਦਰ ਸਿੰਘ ਜੈਲਦਾਰ ਕਿਸਾਨ, ਭੋਲਾ ਸਿੰਘ ਸਰਪੰਚ ਸਿੰਘ ਕਿਸਾਨ, ਮਨਦੀਪ ਸਿੰਘ, ਹਰਬੰਸ ਰਣਜੀਤ ਸਿੰਘ, ਸਰਪੰਚ ਖੁਸ਼ਦੀਪ ਸਿੰਘ, ਜਗਰੂਪ ਸਿੰਘ, ਸੁਖਮੰਦਰ ਸਿੰਘ, ਸੁਖਵੰਤ ਸਿੰਘ, ਬਲਜੀਤ ਸਿੰਘ, ਜਸਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਹਾਜ਼ਰ ਸਨ।