
ਮੋਗਾ, 29 ਜਨਵਰੀ (ਮੁਨੀਸ਼ ਜਿੰਦਲ)
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ ਵਿਖੇ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਡਿੰਪਲ ਥਾਪਰ ਨੇ ਮੀਡਿਆ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸਦੇ ਨਾਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਹਾਸਲ ਕਰਨ ਵਿੱਚ ਮੱਦਦ ਮਿਲੇਗੀ। ਉਹਨਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਕਰੀਅਰ ਗਾਈਡੈਂਸ ਕੈਂਪਾਂ ਰਾਹੀਂ, ਸਹੀ ਦਿਸ਼ਾ ਚੁਣਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਕਿ ਉਹਨਾਂ ਨੂੰ ਅੱਗੇ ਚੱਲ ਕੇ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਲੜੀ ਤਹਿਤ 31 ਜਨਵਰੀ, 2025 ਦਿਨ ਸ਼ੁਕਰਵਾਰ ਨੂੰ ਇਸ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਗਲੋਬਸ ਵੇਅਰਹਾਊਸ ਅਤੇ ਟ੍ਰੇਨਿੰਗ ਪ੍ਰੋਵਾਇਡਿੰਗ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਵੱਖ ਵੱਖ ਅਸਾਮੀਆਂ ਸਬੰਧੀ ਇੰਟਰਵਿਊ ਦੇ ਆਧਾਰ ਤੇ ਯੋਗ ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ। ਇਹਨਾਂ ਆਸਾਮੀਆਂ ਵਿੱਚ ਮੈਨੇਜਰ, ਡਿਪਟੀ ਮੈਨੇਜਰ, ਟੈਕਨੀਕਲ ਅਸਿਸਟੈਂਟ, ਗੋਦਾਊਨ ਅਸਿਸਟੈਂਟ, ਵੇਬ੍ਰਿਜ ਓਪਰੇਟਰ, ਗੋਦਾਊਨ ਕਲਰਕ ਆਦਿ ਸ਼ਾਮਲ ਹੈ।

ਡਿੰਪਲ ਥਾਪਰ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਬਾਰਵੀਂ, ਗੈਜੂਏਟ, ਬੀ.ਐਸ.ਸੀ (ਐਗਰੀਕਲਚਰ) ਪਾਸ ਜਾਂ ਇਸ ਤੋਂ ਉੱਪਰ ਯੋਗਤਾ ਵਾਲੇ ਪ੍ਰਾਰਥੀ (ਸਿਰਫ ਲੜਕੇ) ਇੰਟਰਵਿਊ ਦੇ ਸਕਦੇ ਹਨ। ਇਹਨਾਂ ਅਸਾਮੀ ਸਬੰਧੀ ਚੋਣ ਕੀਤੇ ਪ੍ਰਾਰਥੀਆਂ ਨੂੰ 15000 ਤੱਕ ਮਹੀਨੇ ਦੌਰਾਨ ਤਨਖਾਹ ਦਿੱਤੀ ਜਾਵੇਗੀ ਅਤੇ ਜਾਬ ਦੀ ਲੋਕੇਸ਼ਨ ਮੋਗਾ ਹੋਵੇਗੀ। ਇਸ ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਹੋਵੇਗਾ। ਚਾਹਵਾਨ ਪ੍ਰਾਰਥੀ ਜਿਹਨਾਂ ਦੀ ਉਮਰ 18 ਤੋਂ 40 ਸਾਲ ਤੱਕ ਹੋਵੇ, ਵਿੱਦਿਅਕ ਯੋਗਤਾ ਦੇ ਲੋੜੀਂਦੇ ਦਸਤਾਵੇਜ, ਰੀਜਿਊਮ, ਆਧਾਰ ਕਾਰਡ ਲੈ ਕੇ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਉਹਨਾਂ ਕਿਹਾ ਕਿ, ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਦਫ਼ਤਰ ਮੋਗਾ, ਚਿਨਾਬ ਜੇਹਲਮ ਬਲਾਕ, ਤੀਜੀ ਮੰਜਿਲ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹਮਣੇ ਅਤੇ ਹੈਲਪਲਾਈਨ ਨੰਬਰ: 62392—66860 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

