
ਮੋਗਾ 6 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਲੋਕ ਸਾਹਿਤ ਅਕਾਦਮੀ (ਰਜਿ:) ਮੋਗਾ ਵੱਲੋਂ ਬੂਟਾ ਸਿੰਘ ਚੌਹਾਨ ਦੇ ਨਾਵਲ ‘ਲਵ ਪ੍ਰੋਜੈਕਟ’ ਤੇ ਸੁਤੰਤਰਤਾ ਸੈਨਾਨੀ ਭਵਨ ਵਿਖੇ ਸਾਹਿਤਕ ਸਮਾਗਮ ਦੌਰਾਨ ਚਰਚਾ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਪੰਜਾਬੀ ਦੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਸਾਹਿਤਕਾਰ ਬੂਟਾ ਸਿੰਘ ਚੌਹਾਨ, ਵਿਅੰਗਕਾਰ ਕੇ.ਐੱਲ. ਗਰਗ, ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ, ਪੰਜਾਬੀ ਸ਼ਾਇਰ ਵਿਸ਼ਾਲ ਪ੍ਰੋ. ਬਖਤਾਵਰ ਧਾਲੀਵਾਲ ਅਤੇ ਗੁਰਚਰਨ ਸਿੰਘ ਸੰਘਾ ਸੁਸ਼ੋਭਿਤ ਹੋਏ। ਸਮਾਗਮ ਦੀ ਸ਼ੁਰੂਆਤ ਨਰਿੰਦਰ ਰੋਹੀ ਦੀ ਗਜ਼ਲ ਅਤੇ ਪਿਆਰਾ ਸਿੰਘ ਚਾਹਲ ਦੇ ਖੂਬਸੂਰਤ ਗੀਤ ਨਾਲ ਹੋਈ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ, ਉੱਘੇ ਆਲੋਚਕ, ਡਾਕਟਰ ਸੁਰਜੀਤ ਬਰਾੜ ਘੋਲੀਆ ਨੇ ਲਵ ਪ੍ਰੋਜੈਕਟ ਨਾਵਲ ਤੇ ਪੇਪਰ ਪੜ੍ਹਦਿਆਂ ਦੱਸਿਆ ਕਿ ਲਵ ਪ੍ਰੋਜੈਕਟ ਨਾਵਲ ਪੂੰਜੀਵਾਦੀ ਵਿਸ਼ਵੀਕਰਨ ਸਾਹਿਤਕਾਰਾਂ, ਸਾਹਿਤ ਸਭਾਵਾਂ, ਪਿਆਰ ਕਰਨ ਵਾਲੇ ਪ੍ਰੇਮੀਆਂ ਨੂੰ ਆਪਣੇ ਕਲਾਵੇ ਵਿੱਚ ਲੈਕੇ ਅਜੋਕੇ ਸਮਾਜਿਕ ਵਰਤਾਰੇ ਨੂੰ ਸਾਡੇ ਦ੍ਰਿਸ਼ਟੀ ਗੋਚਰ ਕਰਦਾ ਹੈ। ਪੇਪਰ ਦੇ ਦੂਸਰੇ ਆਲੋਚਕ ਨਿਰੰਜਨ ਬੋਹਾ ਨੇ ਬਹਿਸ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਲਵ ਪ੍ਰੋਜੈਕਟ ਨਾਵਲ ਰਾਹੀਂ ਬੂਟਾ ਸਿੰਘ ਚੌਹਾਨ ਨੇ ਆਪਣੇ ਆਪ ਨੂੰ ਅਪਡੇਟ ਕੀਤਾ ਹੈ। ਕਿਉਂਕਿ ਉਹ ਪਿਛਲੇ ਸਮੇਂ ਦੌਰਾਨ ਕਾਫੀ ਲੰਬੀ ਬਿਮਾਰੀ ਤੋਂ ਪੀੜਤ ਰਹੇ ਸਨ। ਤੀਸਰੇ ਆਲੋਚਕ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਚੌਹਾਨ ਨੇ ਇਸ ਨਾਵਲ ਵਿੱਚ ਜਾਤੀ ਖਾਸੇ ਨੂੰ ਯਥਾਰਥਕ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਇਸ ਨਾਵਲ ਦੇ ਸੰਪਾਦਕ ਤੇ ਕਵੀ ਵਿਸ਼ਾਲ, ਜਸਵੀਰ ਕਲਸੀ, ਗੁਰਮੇਲ ਬੌਡੇ ਅਤੇ ਪ੍ਰੋਫੈਸਰ ਬਖਤਾਵਰ ਧਾਲੀਵਾਲ ਨੇ ਵੀ ਆਪਣੇ ਵਿਚਾਰ ਰੱਖੇ। ਬਲਦੇਵ ਸਿੰਘ ਸੜਕਨਾਮਾ ਨੇ ਤਿੰਨਾਂ ਆਲੋਚਕਾਂ ਦੇ ਪੇਪਰਾਂ ਦੀ ਪ੍ਰਸ਼ੰਸਾ ਕਰਦਿਆਂ ਬੂਟਾ ਸਿੰਘ ਚੌਹਾਨ ਨੂੰ ਸ਼ਾਇਰੀ ਤੋਂ ਨਾਵਲ ਤੱਕ ਸਾਰਥਿਕ ਪਹੁੰਚ ਬਣਾਉਣ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ 16ਵੀਂ ਸਦੀ ਵਾਲੇ ਨਾ ਹੁਣ ਰਾਂਝੇ ਰਹੇ ਤੇ ਨਾ ਹੀ ਹੀਰਾਂ। ਸੋ ਹੁਣ ਪਿਆਰ ਦਾ ਵਪਾਰ ਬਣਨਾ ਸਾਨੂੰ ਚਿੰਤੁਤ ਕਰਦਾ ਹੈ। ਉੱਘੇ ਵਿਅੰਗਕਾਰ ਕੇ.ਐਲ. ਗਰਗ ਨੇ ਕਿਹਾ ਕਿ ਇਹ ਨਾਵਲ ਅਜੋਕੇ ਸਮਾਜਿਕ ਸੱਚ ਨੂੰ ਸਾਡੇ ਸਾਹਮਣੇ ਉਭਾਰਨ ਵਿੱਚ ਸਫਲ ਹੋਇਆ ਹੈ।

ਸਟੇਜ ਦੀ ਕਾਰਵਾਈ ਨੂੰ ਬੜੇ ਖੂਬਸੂਰਤ ਅਤੇ ਸ਼ਾਇਰੋ ਸ਼ਾਇਰੀ ਵਾਲੇ ਅੰਦਾਜ਼ ਵਿੱਚ ਚਲਾਉਣ ਵਾਲੇ ਚਰਨਜੀਤ ਸਮਾਲਸਰ ਨੇ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਲਈ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਤੇ ਉਹਨਾਂ ਦੇ ਵਿਦਿਆਰਥੀ ਹਰਮਨ ਰੋਂਜੀਆ ਨੂੰ ਗੀਤ ਪੇਸ਼ ਕਰਨ ਲਈ ਮੰਚ ‘ਤੇ ਬੁਲਾਇਆ। ਕਵੀ ਦਰਬਾਰ ਵਿਚ ਗੁਰਪ੍ਰੀਤ ਧਰਮਕੋਟ, ਜੰਗੀਰ ਖੋਖਰ, ਅਸ਼ੋਕ ਚਟਾਨੀ, ਗੁਰਦੇਵ ਸਿੰਘ ਦਰਦੀ, ਕਰਮਜੀਤ ਕੌਰ ਲੰਡੇਕੇ, ਕਰਮ ਸਿੰਘ ਕਰਮ ਘੋਲੀਆ, ਹਰਭਜਨ ਨਾਗਰਾ, ਅਵਤਾਰ ਸਮਾਲਸਰ, ਧਾਮੀ ਗਿੱਲ, ਦਵਿੰਦਰ ਗਿੱਲ, ਸਵਰਨ ਸਿੰਘ ਡਾਲਾ, ਸੋਨੀ ਮੋਗਾ, ਬਲਦੇਵ ਸਿੰਘ ਢਿੱਲੋਂ, ਅਲਫਾਜ਼, ਪਰਮਜੀਤ ਸਿੰਘ ਚੂਹੜਚੱਕ, ਬਲਵੀਰ ਸਿੰਘ ਪਰਦੇਸੀ, ਕੁਲਵੰਤ ਸਿੰਘ ਧਾਲੀਵਾਲ, ਕਰਨਲ ਬਾਬੂ ਸਿੰਘ ਮੋਗਾ ਅਤੇ ਹਾਕਮ ਸਿੰਘ ਧਾਲੀਵਾਲ ਨੇ ਆਪਣੀਆਂ ਤਾਜੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ ਸਾਬਕਾ ਡੀ.ਪੀ,ਆਰ.ਓ., ਹਰਨੇਕ ਸਿੰਘ ਰੋਡੇ, ਆਤਮਾ ਸਿੰਘ ਚੜਿੱਕ, ਮੋਹੀ ਅਮਰਜੀਤ ਸਿੰਘ ਅਤੇ ਮਜ਼ਦੂਰ ਯੂਨੀਅਨ ਵੱਲੋਂ ਬਾਰਾ ਸਿੰਘ ਸਾਮਲ ਹੋੇਏ। ਅੰਤ ਵਿੱਚ ਪ੍ਰਧਾਨ ਗੁਰਚਰਨ ਸਿੰਘ ਸੰਘਾ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

