

ਮੋਗਾ, 11 ਫਰਵਰੀ (ਮੁਨੀਸ਼ ਜਿੰਦਲ)
ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਮੰਗਲਵਾਰ ਨੂੰ ਮੈਡਮ ਕਿਰਨ ਜਯੋਤੀ ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜ਼ੇਲ੍ਹ ਫਰੀਦਕੋਟ ਦਾ ਦੌਰਾ ਕਰ ਕੇਂਦਰੀ ਜੇਲ ਵਿੱਚ ਬੰਦ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨਾਲ ਹੀ ਜੇਲ੍ਹ ਦੀਆਂ ਬੈਰਿਕਾਂ ਦਾ ਨਿਰੀਖਣ ਕੀਤਾ। ਮੈਡਮ ਕਿਰਨ ਜਯੋਤੀ, ਸੀ.ਜੇ.ਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਕੇਂਦਰੀ ਜੇਲ ਫਰੀਦਕੋਟ ਦੀਆਂ ਬੰਦੀ ਔਰਤਾਂ ਦੀਆਂ ਬੈਰਕਾਂ ਦਾ ਦੌਰਾ ਕਰ, ਉੱਥੇ ਬੰਦ ਔਰਤ ਹਵਾਲਾਤੀਆਂ/ ਕੈਦੀਆਂ ਨੂੰ ਦਿੱਤੀ ਜਾ ਰਹੀ ਸਿਲਾਈ ਦੀ ਸਿਖਲਾਈ ਦਾ ਵੀ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੀਆਂ ਹਦਾਇਤਾਂ ਮੁਤਾਬਿਕ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਇਹ ਸਿਖਲਾਈ ਦੇਣ ਦਾ ਮੰਤਵ ਹੈ ਕਿ ਜ਼ੇਲ੍ਹਾ ਵਿੱਚ ਬੰਦ ਹਵਾਲਾਤੀ/ ਕੈਦੀ, ਸਮਾਜ ਵਿੱਚ ਆਪਣੇ ਮੁੜ ਵਸੇਬੇ ਲਈ, ਜੇਲ ਤੋਂ ਬਾਹਰ ਆਕੇ, ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਇਸ ਦੇ ਨਾਲ ਸੁਧਾਰ ਘਰ ਦਾ ਉਦੇਸ਼ ਵੀ ਪੂਰਾ ਹੁੰਦਾ ਹੈ। ਮਾਨਯੋਗ ਸਕੱਤਰ ਵੱਲੋਂ ਸਿਖਲਾਈ ਲੈ ਰਹੀਆਂ ਬੰਦੀਆਂ ਦੀ ਹੌਂਸਲਾ ਅਫਜਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ੇਲ੍ਹ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਵੀ ਸੁਣਿਆ ਗਿਆ ਅਤੇ ਸੁਨਿਸ਼ਚਿਤ ਕੀਤਾ ਗਿਆ ਕਿ ਕੋਈ ਵੀ ਬੰਦੀ ਬਿਨਾਂ ਵਕੀਲ/ ਲੀਗਲ ਏਡ ਦੇ ਨਾ ਹੋਵੇ। ਅੰਤ ਵਿੱਚ ਉਨ੍ਹਾਂ ਨੇ ਜ਼ੇਲ੍ਹਾ ਵਿੱਚ ਬੰਦ ਹਵਾਲਾਤੀਆਂ/ ਕੈਦੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣਕੇ ਜ਼ੇਲ੍ਹ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਤੁਹਾਡੇ ਕੋਲੋਂ ਪਹਿਲਾਂ ਹੋਈਆਂ ਹਨ, ਉਹ ਭਵਿੱਖ ਵਿੱਚ ਦੁਬਾਰਾ ਨਾ ਦੁਹਰਾਵੋਂ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਇਕਬਾਲ ਸਿੰਘ ਧਾਲੀਵਾਲ, ਸੁਪਰਡੈਂਟ ਅਤੇ ਰਾਜਦੀਪ ਸਿੰਘ ਬਰਾੜ, ਵਧੀਕ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਰੀਦਕੋਟ ਵੀ ਹਾਜਰ ਸਨ।

