

ਮੋਗਾ, 13 ਫਰਵਰੀ (ਮੁਨੀਸ਼ ਜਿੰਦਲ)
ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਪਸ਼ੂ ਪਾਲਣ ਵਿਭਾਗ ਦੀ ਯੋਗ ਅਗਵਾਈ, ਰਾਹੁਲ ਭੰਡਾਰੀ, ਮੁੱਖ ਵਧੀਕ ਸਕੱਤਰ ਅਤੇ ਡਾ. ਜੀ.ਐਸ. ਬੇਦੀ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਾਲ 2022 ਦੌਰਾਨ ਪੰਜਾਬ ਵਿੱਚ ਗਾਵਾਂ ਵਿੱਚ ਲੰਪੀ ਸਕਿਨ ਡਜੀਜ਼ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ। ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫ਼ਤ ਗੋਟ ਪੌਕਸ ਵੈਕਸੀਨ ਸਾਰੀਆਂ ਗਾਵਾਂ ਦੇ ਲਗਾਈ ਗਈ ਸੀ। ਪੰਜਾਬ ਸਰਕਾਰ ਸੂਬੇ ਦੇ ਪਸ਼ੂਧਨ ਦੀ ਰੱਖਿਆ ਲਈ ਵਚਨਬੱਧ ਹੈ। ਅਤੇ ਪਸ਼ੂਆਂ ਦੀ ਨਸਲ ਸੁਧਾਰ ਲਈ ਵੀ ਉਚੇਚੇ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ. ਹਰਵੀਨ ਕੌਰ ਨੇ ਦੱਸਿਆ ਕਿ ਹਰੇਕ ਸਾਲ, ਮਹੀਨਾ ਫਰਵਰੀ ਵਿੱਚ ਇਸ ਬਿਮਾਰੀ ਨੂੰ ਰੋਕਣ ਵਾਸਤੇ ਜ਼ਿਲ੍ਹੇ ਦੀਆਂ ਸਾਰੀਆਂ ਗਾਵਾਂ ਜਿਨ੍ਹਾਂ ਵਿੱਚ ਪਾਲਤੂ, ਗਊਸ਼ਾਲਾਵਾਂ ਅਤੇ ਬੇਸਹਾਰਾ ਗਾਵਾਂ ਸ਼ਾਮਿਲ ਹਨ, ਨੂੰ ਘਰ ਘਰ ਜਾਕੇ ਇਹ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿੱਚ 1 ਲੱਖ 9 ਹਜ਼ਾਰ ਗੋਕੇ ਪਸ਼ੂਆਂ ਨੂੰ 15 ਫਰਵਰੀ, 2025 ਤੋਂ ਮਿਸ਼ਨ ਮੋਡ ਵਿੱਚ ਇਹ ਵੈਕਸੀਨ ਲਗਾਉਣੀ ਸ਼ੁਰੂ ਕੀਤੀ ਜਾ ਰਹੀ ਹੈ। ਉਹਨਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ। ਤਾਂ ਕਿ ਜ਼ਿਲ੍ਹੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

