
ਮੋਗਾ 15 ਫਰਵਰੀ (ਗਿਆਨ ਸਿੰਘ/ ਮੁਨੀਸ਼ ਜਿੰਦਲ)
ਮੁਲਾਜਮਾਂ ਪੈਨਸ਼ਨਰਾਂ ਦੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ, ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਵਿਧਾਨ ਸਭਾ ਦੇ ਬੱਜਟ ਸ਼ੈਸਨ ਦੌਰਾਨ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਲਈ ਪੰਜਾਬ ਦੇ ਸਮੂਹ ਐਮ.ਐਲ.ਏ ਨੂੰ ਮੰਗ ਪੱਤਰ ਸੋਂਪਣ ਦੇ, ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੇ ਫੈਸਲੇ ਮੁਤਾਬਕ ਸ਼ਨੀਵਾਰ ਨੂੰ ਫਰੰਟ ਦੇ ਆਗੂ ਤੇ ਔਹਦੇਦਾਰ, ਵੱਡੀ ਗਿਣਤੀ ਵਿੱਚ ਵਿਧਾਇਕਾ ਮੋਗਾ ਦੀ ਰਹਾਇਸ਼ ਤੇ ਪਹੁੰਚੇ। ਅਖਬਾਰਾਂ ਵਿੱਚ ਪਹਿਲਾਂ ਖ਼ਬਰਾਂ ਲਵਾਉਣ ਅਤੇ ਸੂਚਿਤ ਕਰਨ ਦੇ ਬਾਵਜੂਦ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਘਰ ਵਿੱਚੋਂ ਗੈਰ ਹਾਜਰ ਸਨ। ਉਹਨਾਂ ਦੀ ਗੈਰਹਾਜਰੀ ਕਰਕੇ, ਮੁਲਾਜਮਾਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਵਿਧਾਇਕਾ ਖ਼ਿਲਾਫ਼ ਨਾਹਰੇਬਾਜੀ ਕਰਕੇ ਆਪਣਾ ਗੁੱਸਾ ਜਾਹਰ ਕੀਤਾ। ਡਾ. ਅਰੋੜਾ, ਵਿਧਾਇਕਾ ਦੀ ਗੈਰਹਾਜਰੀ ਵਿੱਚ ਮੰਗ ਪੱਤਰ, ਹਰਪਾਲ ਸਿੰਘ ਪੀ.ਏ ਅਤੇ ਨਗਰ ਨਿਰਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਪ੍ਰਾਪਤ ਕੀਤਾ।

ਫ਼ਰੰਟ ਦੇ ਔਹਦੇਦਾਰ, MLA ਦੇ PA ਅਤੇ MC ਮੇਅਰ ਬਲਜੀਤ ਚਾਨੀ ਨੂੰ ਮੰਗ ਪੱਤਰ ਦਿੰਦੇ ਹੋਏ।

ਸੁਖਦੇਵ ਸਿੰਘ ਜਿਲ੍ਹਾ ਕਨਵੀਨਰ ਦੀ ਅਗਵਾਈ ਵਿੱਚ ਰੈਲੀ ਕੀਤੀ ਗਈ। ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਬੂਟਾ ਸਿੰਘ ਭੱਟੀ, ਗੁਰਜੰਟ ਸਿੰਘ ਕੋਕਰੀ, ਕੁਲਵੀਰ ਸਿੰਘ ਢਿੱਲੋਂ, ਬਲੌਰ ਸਿੰਘ ਘਾਲੀ, ਗੁਰਮੇਲ ਸਿੰਘ ਨਾਹਰ, ਸੁਰਿੰਦਰ ਸਿੰਘ ਸਾਬਕਾ ਅਧਿਆਪਕ ਆਗੂ, ਰਾਜਿੰਦਰ ਸਿੰਘ ਰਿਆੜ ਅਤੇ ਹੋਰ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਦਾ ਨਾਂਹ ਪੱਖੀ ਰਵਈਆ ਹੋਣ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਪੈਨਸ਼ਨਰਾਂ ਦੇ ਬਕਾਏ ਸਬੰਧੀ, ਪੰਜਾਬ ਕੈਬਨਿਟ ਦਾ ਫੈਸਲਾ ਬਹੁਤ ਹੀ ਨਿੰਦਣ ਯੋਗ ਹੈ। ਜਿਸ ਅਨੁਸਾਰ 75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਨੂੰ ਬਕਾਇਆ 42 ਮਹੀਨਾ ਵਾਰ ਕਿਸ਼ਤਾਂ, ਭਾਵ 2028 ਦੇ ਅਖੀਰ ਤੱਕ ਮਿਲਣ ਦੇ ਫੈਂਸਲੇ ਨਾਲ ਪੈਨਸ਼ਨਰਾਂ ਵਿੱਚ ਭਾਰੀ ਗੁੱਸਾ ਹੈ। ਉਹਨਾਂ ਕਿਹਾ ਕਿ ਹੁਣ ਤੱਕ ਬਕਾਇਆ ਉਡੀਕਦੇ ਉਡੀਕਦੇ ਪੈਂਤੀ ਹਜਾਰ ਪੈਨਸ਼ਨਰ, ਇਸ ਜਹਾਨ ਤੋਂ ਚਲੇ ਗਏ। ਪਤਾ ਨਹੀਂ ਅਗਲੇ ਸਾਢੇ ਤਿੰਨ ਸਾਲਾਂ ਵਿੱਚ ਕਿੰਨੇ ਹੋਰ ਰੱਬ ਨੂੰ ਪਿਆਰੇ ਹੋ ਜਾਣ। ਇਸ ਲਈ ਉਹਨਾ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਉਮਰ ਅਨੁਸਾਰ ਇੱਕੋ ਕੈਟਾਗਰੀ ਬਣਾਕੇ ਬਣਦਾ ਬਕਾਇਆ ਯੱਕਮੁਸ਼ਤ ਜਾਰੀ ਕੀਤਾ ਜਾਵੇ, ਪੈਨਸ਼ਨਰਾਂ ਦਾ 2.59 ਦਾ ਗੁਣਾਕ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਆਊਟ ਸੋਰਸ ਤੇ ਠੇਕੇ ਤੇ ਕੰਮ ਕਰਦੇ ਕਾਮੇ ਰੈਗੂਲਰ ਕੀਤੇ ਜਾਣ, ਖੋਹੇ ਭੱਤੇ ਬਹਾਲ ਕੀਤੇ ਜਾਣ, ਲੀਵ ਇਨ ਕੈਸ਼ਮੇਂਟ ਦਾ ਬਕਾਇਆ ਇੱਕੋ ਰਿਸ਼ਤ ਵਿੱਚ ਦਿੱਤਾ ਜਾਵੇ, ਕੇਂਦਰ ਦੀ ਤਰਜ਼ ਤੇ ਡੀ.ਏ 53% ਕੀਤਾ ਜਾਵੇ ਅਤੇ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਕਰਨ ਲਈ ਵਿਧਾਨ ਸਭਾ ਵਿੱਚ ਬੱਜਟ ਸੈਸ਼ਨ ਦੌਰਾਨ ਆਵਾਜ਼ ਉਠਾਈ ਜਾਵੇ। ਅੱਜ ਦੀ ਇਕੱਤਰਤਾ ਵਿੱਚ ਗੁਰਜੰਟ ਸਿੰਘ ਸੰਘਾ, ਬਿੱਕਰ ਸਿੰਘ ਮਾਛੀਕੇ, ਬਲਦੇਵ ਸਿੰਘ ਰੋਡੇ, ਜਸਵੰਤ ਸਿੰਘ ਬਾਘਾ ਪੁਰਾਣਾ, ਓਮਾ ਕਾਂਤ ਸ਼ਾਸ਼ਤਰੀ, ਮੇਹਰ ਸਿੰਘ, ਬਲਵਿੰਦਰ ਸਿੰਘ ਗਿੱਲ, ਦੀਵਾਨਾ ਸਿੰਘ ਕ੍ਰਿਸ਼ਨ ਸਿੰਘ, ਇਕਬਾਲ ਖਾਨ, ਤੇਜਾ ਸਿੰਘ ਘੱਲ ਕਲਾਂ, ਓਂਕਾਰ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਇੰਦਰਜੀਤ ਸਿੰਘ ਮੋਗਾ, ਪੋਹਲਾ ਸਿੰਘ ਬਰਾੜ, ਬਲੌਰ ਸਿੰਘ, ਨਾਇਬ ਸਿੰਘ, ਗਿਆਨ ਸਿੰਘ ਸਾਬਕਾ ਡੀ.ਪੀ ਆਰ.ਓ ਅਤੇ ਹੋਰ ਬਹੁਤ ਸਾਰੇ ਮੁਲਾਜਮ ਅਤੇ ਪੈਨਸ਼ਨਰ ਆਗੂ ਸ਼ਾਮਲ ਹੋਏ।

