
ਮੋਗਾ 1 ਮਾਰਚ (ਮੁਨੀਸ਼ ਜਿੰਦਲ)
ਬਾਬਾ ਮਹਿੰਗਾ ਸਿੰਘ ਕੁਦਰਤੀ ਪਾਰਕ ਟੀਮ ਦੌਲਤਪੁਰਾ, ਜਿਲਾ ਮੋਗਾ ਵੱਲੋਂ ਸੋਹਣਾ ਪਿੰਡ, ਸ਼ੁਧ ਵਾਤਾਵਰਨ ਅਤੇ ਤੰਦਰੁਸਤ ਸਮਾਜ ਦੇ ਉਦੇਸ਼ ਨੂੰ ਲੈ ਕੇ ਪਿੰਡ ਦੌਲਤਪੁਰਾ ਦੇ ਬਾਬਾ ਮਹਿੰਗਾ ਸਿੰਘ ਕੁਦਰਤੀ ਪਾਰਕ ਵਿਖੇ ਵਿਰਾਸਤੀ ਗਾਇਕੀ ਦਾ ਪ੍ਰੋਗਰਾਮ ਐਤਵਾਰ, 2 ਮਾਰਚ ਨੂੰ ਉਲੀਕਿਆ ਗਿਆ ਹੈ। ਟੀਮ ਦੇ ਮੈਂਬਰ ਬਲਵਿੰਦਰ ਸਿੰਘ ਰੋਡੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀ ਦੌੜ ਭੱਜ ਅਤੇ ਉਦਾਸ ਜਿੰਦਗੀ ਨੂੰ ਖੁਸ਼ਗਵਾਰ ਬਣਾਉਣ, ਦੋਨਾਂ ਪਿੰਡਾਂ ਵਿੱਚ ਪਿਆਰ ਵਧਾਉਣ, ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਦਸਤਾਰ, ਖੇਡਾਂ ਅਤੇ ਆਪਣੀ ਵਿਰਾਸਤ ਨਾਲ ਜੋੜਨ ਲਈ, ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਪਾਰਕ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦੀ ਦੁਬਾਰਾ ਸ਼ੁਰੂਆਤ ਕੀਤੀ ਜਾਵੇਗੀ ਅਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਪਹਿਲ ਕਦਮੀ ਕਰਦੇ ਹੋਏ ਐਨ.ਆਰ.ਆਈ ਵੀਰਾਂ/ ਭੈਣਾਂ ਅਤੇ ਨਾਮਵਰ ਸ਼ਖਸੀਅਤਾਂ ਦੇ ਸਨਮਾਨ ਵਿੱਚ ਇਹ ਵਿਰਾਸਤੀ ਗਾਇਕੀ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਅਤੇ ਸਾਥੀ ਵਿਸ਼ੇਸ਼ ਤੌਰ ਤੇ ਸਮਾਂ ਬੰਨਣਗੇ। ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ 2 ਮਾਰਚ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲੇਗਾ। ਜਿਸ ਸਬੰਧੀ ਬਲਵਿੰਦਰ ਸਿੰਘ ਅਤੇ ਸਮੂਚੀ ਟੀਮ ਵੱਲੋਂ, ਸਾਰਿਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।