
ਮੋਗਾ 8 ਮਾਰਚ (ਮੁਨੀਸ਼ ਜਿੰਦਲ)
ਨੈਸ਼ਨਲ ਲੀਗਲ ਸਰਵਿਸਜ ਅਥਾਰਟੀ, ਨਵੀਂ ਦਿੱਲੀ ਅਤੇ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SAS ਨਗਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਕਮ ਚੇਅਰਪਰਸਨ ਸਰਬਜੀਤ ਸਿੰਘ ਧਾਲੀਵਾਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਕਿਰਨ ਜਯੋਤੀ ਵੱਲੋਂ ਇਕ ਨਿਜੀ ਕਾਲਜ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਤੇ CJM ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਕਿਰਨ ਜਯੋਤੀ ਨੇ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਿਤੀ 1 ਮਾਰਚ 2025 ਤੋਂ 31 ਮਾਰਚ 2025 ਤੱਕ ਸੇਫਟੀ ਆਫ ਵੂਮੈਨ ਐਟ ਵਰਕਪਲੇਸ ਨਾਮ ਦੀ ਮੁਹਿੰਮ ਚਲਾਈ ਜਾ ਰਹੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਔਰਤਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ, ਔਰਤਾਂ ਦੇ ਹੱਕਾਂ ਬਾਰੇ ਵਿਸਥਾਰ ਵਿੱਚ ਜਾਣੂ ਕਰਵਾਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਲੜਕੀਆਂ ਨੂੰ ਆਪਣੀ ਪੜਾਈ ਤੋਂ ਬਾਅਦ ਨੌਕਰੀ ਦੇ ਮਾਹੌਲ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਜਾਣੂ ਕਰਵਾਇਆ ਅਤੇ ਨੌਕਰੀ ਦੌਰਾਨ ਆਉਣ ਵਾਲੀਆਂ ਔਕੜਾਂ ਤੋਂ ਬਚਣ ਲਈ ਕੁੜੀਆਂ ਦੇ ਸਬੰਧ ਵਿੱਚ ਬਣੇ ਹੋਏ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਹਰ ਇੱਕ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜਿਥੇ ਵੀ ਕੋਈ ਔਰਤ ਨੌਕਰੀ ਕਰਦੀ ਹੈ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਪਰ ਉਥੇ ਇੱਕ ਕਮੇਟੀ ਬਣਾਈ ਜਾਂਦੀ ਹੈ। ਜੋ ਕਿ ਕੁੜੀਆਂ ਦੀ ਜਿਨਸੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਜਿਸ ਦਾ ਮੁੱਖ ਮੰਤਵ ਕੁੜੀਆਂ ਨੂੰ ਕੰਮ ਕਰਨ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਨਾਲ ਨਜਿੱਠਣਾ ਹੈ।

ਇਸ ਮੌਕੇ ਤੇ ਮੈਡਮ ਕਿਰਨ ਜਯੋਤੀ, ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਉਨ੍ਹਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ ਕਿ ਕੋਈ ਵੀ ਔਰਤ ਮੁਫਤ ਕਾਨੂੰਨੀ ਸਹਾਇਤਾ ਲੈਣ ਦੀ ਹੱਕਦਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਲਸਾ ਵੱਲੋਂ ਜਾਰੀ ਕੀਤਾ ਗਿਆ ਟੋਲ ਫਰੀ ਨੰਬਰ 15100 ਬਾਰੇ ਵੀ ਦੱਸਿਆ।ਇਸ ਮੌਕੇ ਤੇ ADC ਚਾਰੂਮਿਤਾ, ਡਾ. ਅਕਾਂਕਸ਼ਾ, ਡਾ. ਅਰਵਿੰਦ ਕੌਰ ਨੂੰ ਵੀ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ, ਹੋਰਨਾਂ ਤੋਂ ਇਲਾਵਾ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਵੀ ਮੌਜੂਦ ਸਨ। ਅੰਤ ਵਿੱਚ ਕਾਲਜ ਦੇ ਡਾਇਰੈਕਟਰ ਸਾਹਿਬ ਨੇ ਮਿਸ ਕਿਰਨ ਜਯੋਤੀ, ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਕਾਲਜ ਵਿਖੇ ਸੈਮੀਨਾਰ ਲਗਾਉਣ ਲਈ ਧੰਨਵਾਦ ਕੀਤਾ।