
ਜੈਮਲਵਾਲਾ/ ਮੋਗਾ, 12 ਮਾਰਚ (ਮੁਨੀਸ਼ ਜਿੰਦਲ)
ਜਗਦੀਪ ਸਿੰਘ ਜੈਮਲਵਾਲਾ ਦੇ ਦਾਦੀ, ਮਾਤਾ ਗੁਰਦਿਆਲ ਕੌਰ ਨਮਿੱਤ ਅੰਤਿਮ ਅਰਦਾਸ ਮੌਕੇ ਅੱਜ ਅੱਖਾਂ ਦਾ ਮੁਫਤ ਕੈਂਪ ਅਤੇ ਬੂਟਿਆਂ ਦਾ ਲੰਗਰ ਲਾ ਕੇ ਸਮਾਜ ਅੱਗੇ ਨਿਵੇਕਲੀ ਮਿਸਾਲ ਪੇਸ਼ ਕੀਤੀ ਗਈ। ਪਿੰਡ ਜੈਮਲਵਾਲਾ ਦੇ ਗੁਰਦੁਆਰਾ ਬਾਬਾ ਚਰਨ ਦਾਸ ਜੀ ਵਿਖੇ ਮਾਤਾ ਜੀ ਦੀ ਨਮਿੱਤ ਅੰਤਿਮ ਅਰਦਾਸ ਮੌਕੇ ਵੱਖ ਵੱਖ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਵਾਇਆ। ਪਿੰਡ ਵਿੱਚ ਪਹਿਲੀ ਵਾਰ ਸ਼ਰਧਾਂਜਲੀ ਸਮਾਗਮ ਮੌਕੇ ਅਜਿਹਾ ਉਪਰਾਲਾ ਕੀਤਾ ਗਿਆ, ਜਿਸ ਦੀ ਹਰ ਪਾਸਿਓਂ ਭਰਵੀਂ ਸ਼ਲਾਘਾ ਕੀਤੀ ਗਈ।
ਅੰਤਿਮ ਅਰਦਾਸ ਵਿੱਚ ਪਹੁੰਚੇ ਲੋਕਾਂ ਨੂੰ ‘ਹਰ ਮਨੁੱਖ ਲਾਵੇ ਇਕ ਰੁੱਖ’ ਦਾ ਸੰਦੇਸ਼ ਦੇਣ ਲਈ ਬੂਟਿਆਂ ਦਾ ਲੰਗਰ ਲਾਇਆ ਅਤੇ ਵੱਖ ਵੱਖ ਕਿਸਮਾਂ ਦੇ 500 ਤੋਂ ਵੱਧ ਬੂਟੇ ਵੰਡੇ ਗਏ। ਜਗਦੀਪ ਸਿੰਘ ਜੈਮਲਵਾਲਾ ਨੇ ਪਿੰਡ ਦੇ ਆਂਗਨਵਾੜੀ ਕੇਂਦਰ ਦੇ ਬੱਚਿਆਂ ਲਈ ਕੁਰਸੀਆਂ ਦੇਣ ਦਾ ਵੀ ਐਲਾਨ ਕੀਤਾ। ਇਹ ਭਲਾਈ ਕਾਰਜਾਂ ਦਾ ਮੰਤਵ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਿਭਾਉਣਾ ਸੀ। ਧਾਰਮਿਕ ਕਾਰਜ ਵਿੱਚ ਯੋਗਦਾਨ ਪਾਉਂਦਿਆਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਰਹੇ 40 ਬੱਚਿਆਂ ਨੂੰ ਵਸਤਰਾਂ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਗਈ।


ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਰਹੇ ਵਿਦਿਆਰਥੀ।
ਇਸ ਮੌਕੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਕਮਲਜੀਤ ਸਿੰਘ ਬਰਾੜ ਬਾਘਾਪੁਰਾਣਾ ਸਮੇਤ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਮਾਤਾ ਗੁਰਦਿਆਲ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਬੁਲਾਰਿਆਂ ਨੇ ਕਿਹਾ ਕਿ ਮਾਤਾ ਜੀ ਦਾ ਜੀਵਨ ਬਹੁਤ ਚੁਣੌਤੀਆਂ ਭਰਿਆ ਸੀ, ਪਰ ਪ੍ਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲੇ ਇਨਸਾਨ ਹਮੇਸ਼ਾ ਅਡੋਲ ਰਹਿੰਦੇ ਹਨ। ਉਹਨਾਂ ਕਿਹਾ ਕਿ ਮਾਤਾ ਜੀ ਨੇ ਹਮੇਸ਼ਾ ਸਬਰ, ਸੰਤੋਖ ਅਤੇ ਅਕਾਲ ਪੁਰਖ ਦੀ ਰਜ਼ਾ ਵਿਚ ਰਹਿ ਕੇ ਜੀਵਨ ਬਤੀਤ ਕੀਤਾ ਅਤੇ ਆਪਣੇ ਪੁੱਤ ਪੋਤਿਆਂ ਨੂੰ ਅਤੀਤ ਦੀਆਂ ਕੌੜੀਆਂ ਯਾਦਾਂ ਨੂੰ ਭੁੱਲ ਕੇ ਭੱਵਿਖ ਨੂੰ ਰੌਸ਼ਨ ਬਣਾਉਣ ਦੀ ਸੇਧ ਤੇ ਸਿੱਖਿਆ ਦਿੱਤੀ। ਉਹਨਾਂ ਕਿਹਾ ਕਿ ਮਾਤਾ ਜੀ ਦੇ ਪੋਤਿਆਂ ਪੜ੍ਹੋਤਿਆਂ ਦਾ ਹੱਸਦਾ ਵਸਦਾ ਪਰਿਵਾਰ ਮਾਤਾ ਜੀ ਦੀ ਉਮਰ ਭਰ ਦੀ ਕਮਾਈ ਦੀ ਬਰਕਤ ਹੈ। ਉਹਨਾਂ ਦੇ ਪੋਤੇ ਜਗਦੀਪ ਸਿੰਘ ਆਪਣੀ ਮਿਹਨਤ ਨਾਲ ਆਪਣੇ ਪੈਰਾਂ ਉੱਤੇ ਖੜ੍ਹੇ ਹੋਏ ਹਨ। ਉਹਨਾਂ ਕਿਹਾ ਕਿ ਇਸ ਪਰਿਵਾਰ ਨੇ ਆਪਣੇ ਮਾਪਿਆਂ ਤੋਂ ਸੇਧ ਲੈ ਕੇ ਸੰਘਰਸ਼ ਦੇ ਰਾਹਾਂ ਨੂੰ ਪਾਰ ਕਰਕੇ ਮੁਕਾਮ ਹਾਸਲ ਕੀਤੇ ਹਨ।


ਬੂਟਿਆਂ ਦਾ ਲੰਗਰ ਵੰਡਦੇ ਕਮਲਜੀਤ ਬਰਾੜ ਤੇ ਹੋਰ ਪਤਵੰਤੇ।
ਇਸ ਮੌਕੇ ਬੱਬੂ ਸੰਧੂ ਸਿੱਖਾਂਵਾਲਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਤਰਫੋਂ ਪਰਿਵਾਰ ਨਾਲ ਦੁੱਖ ਵੰਡਾਇਆ। ਇਸ ਤੋਂ ਪਹਿਲਾਂ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵੀ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲਾ ਪਲੈਨਿੰਗ ਬੋਰਡ ਸ੍ਰੀ ਮੁਕਤਸਰ ਸਾਹਿਬ, ਰਿੰਪੀ ਮਿੱਤਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਬਰਿੰਦਰ ਸ਼ਰਮਾ ਚੇਅਰਮੈਨ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ, ਭੋਲਾ ਸਿੰਘ ਸਮਾਧ ਭਾਈ ਸੀਨੀਅਰ ਕਾਂਗਰਸੀ ਆਗੂ, ਜਗਰੂਪ ਸਿੰਘ ਤਖਤੂਪੁਰਾ, ਪਿਆਰਾ ਸਿੰਘ ਬਧਨੀ ਕਲਾਂ ਸਕੱਤਰ ਆਮ ਆਦਮੀ ਪਾਰਟੀ ਮੋਗਾ, ਡਾ. ਜਗਤਾਰ ਸਿੰਘ ਸੇਖੋਂ ਚੇਅਰਮੈਨ ਇਲੈਕਟ੍ਰੋ ਹੋਮੀਓਪੈਥੀ ਐਸੋਸੀਏਸ਼ਨ ਪੰਜਾਬ, ਹਰਮਨ ਬਰਾੜ ਦੀਦਾਰੇਵਾਲਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਮੋਗਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ, ਗੁਰਬੀਰ ਸਿੰਘ ਗੋਗਾ ਸੰਗਲਾ, ਕਮਲਪ੍ਰੀਤ ਸਿੰਘ ਕਮਲ ਮਹਿਰੋਂ, ਜਸਵਿੰਦਰ ਸਿੰਘ ਸਰਪੰਚ ਜੈਮਲ ਵਾਲਾ, ਬੱਬੀ ਠੇਕੇਦਾਰ ਮੋਗਾ, ਰਿੱਕੀ ਅਰੋੜਾ ਅਤੇ ਇਲਾਕੇ ਭਰ ਤੋਂ ਪੰਚ ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ।