
ਮੋਗਾ 17 ਮਾਰਚ, (ਮੁਨੀਸ਼ ਜਿੰਦਲ)
ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਰਾਜ ਚੋਣ ਕਮਿਸ਼ਨਰ ਜੀ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਵਿੱਚ ਸੁਧਾਈ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਵੋਟਾਂ ਨੇੜੇ ਹੁੰਦੀਆਂ ਹਨ ਤਾਂ ਵੋਟਰ ਸੂਚੀ ਵਿੱਚ ਸੁਧਾਈ ਲਈ ਇੱਕ ਦਮ ਬਹੁਤ ਸਾਰੀਆਂ ਅਰਜੀਆਂ ਆ ਜਾਂਦੀਆਂ ਹਨ, ਜਿਸ ਨਾਲ ਵੋਟਾਂ ਵਿੱਚ ਲੱਗਾ ਅਮਲਾ ਤੇ ਹੋਰ ਕੰਮ ਪ੍ਰਭਾਵਿਤ ਹੋਣ ਦੇ ਨਾਲ ਨਾਲ ਵੋਟਰ ਸੂਚੀ ਤਰੁੱਟੀ ਰਹਿਤ ਬਣਨ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ। ਇਸ ਲਈ ਹੁਣੇ ਤੋਂ ਹੀ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ।
ਉਕਤ ਮਕਸਦ ਦੀ ਪੂਰਤੀ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਵੱਲੋਂ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁੰਮਾਇਦਿਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਹੁਣੇ ਤੋਂ ਹੀ ਆਪਣੇ ਆਪਣੇ ਏਰੀਆ ਵਿੱਚ ਨਵੀਆਂ ਵੋਟਾਂ ਬਣਾਉਣ, ਵੋਟਾਂ ਵਿੱਚ ਸੁਧਾਈ ਕਰਵਾਉਣ ਆਦਿ ਲਈ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਵੋਟਾਂ ਨਾਲ ਸਬੰਧਤ ਸੇਵਾਵਾਂ ਉਹਨਾਂ ਤੱਕ ਪੁੱਜਦੀਆਂ ਕਰਨ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ। ਵੋਟ ਬਣਵਾਉਣ/ ਦਰੁੱਸਤ ਕਰਵਾਉਣ ਜਾਂ ਕਟਵਾਉਣ ਲਈ ਵੋਟਰ ਹੈਲਪਲਾਈਨ ਐਪ ਜਾਂ ਪੋਰਟਲ ਦੀ ਮੱਦਦ ਲੈਣ ਤੋਂ ਇਲਾਵਾ, ਆਪਣੇ ਏਰੀਏ ਦੇ BLO ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਉਹਨਾਂ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਉਹ ਬੂਥਵਾਈਜ BLA (ਬੂਥ ਲੈਵਲ ਏਜੰਟ) ਨਿਯੁਕਤ ਕਰਨ ਲਈ ਹਲਕੇਵਾਰ ਜਾਂ ਜ਼ਿਲ੍ਹੇ ਦੇ ਸਾਰੇ ਹਲਕਿਆਂ ਲਈ ਕਿਸੇ ਵਿਅਕਤੀ ਨੂੰ ਫਾਰਮ ਨੰ. BLA-1 ਵਿੱਚ ਅਧਿਕਾਰਿਤ ਕੀਤਾ ਜਾਵੇ। ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ BLA-1 ਵਿੱਚ ਅਧਿਕਾਰਿਤ ਵਿਅਕਤੀ ਵੱਲੋਂ ਹਰੇਕ ਪੋਲਿੰਗ ਬੂਥ/ ਪੋਲਿੰਗ ਲੋਕੇਸ਼ਨ ਲਈ ਲਗਾਏ ਜਾਣ ਵਾਲੇ ਬੂਥ ਲੈਵਲ ਏਜੰਟ ਦੀ ਨਿਯੁਕਤੀ ਜੋ ਕਿ ਫਾਰਮ ਨੰ. BLA-2 ਵਿੱਚ ਕੀਤੀ ਜਾਣੀ ਹੈ ਅਤੇ ਹਸਤਾਖਰ ਵੀ ਕੀਤੇ ਜਾਣਗੇ, BLA ਨਿਯੁਕਤ ਕਰਨ ਲਈ ਉਸ ਵਿਅਕਤੀ ਦਾ ਸਬੰਧਤ ਬੂਥ ਦਾ ਵੋਟਰ ਹੋਣਾ ਜਰੂਰੀ ਹੈ। ਬੂਥ ਲੈਵਲ ਏਜੰਟ ਦੀ ਨਿਯੁਕਤੀ ਹਰੇਕ ਪੋਲਿੰਗ ਸਟੇਸ਼ਨ ਵਾਸਤੇ ਕੀਤੀ ਜਾਣੀ ਹੈ, ਜੋ ਕਿ BLA-2 ਫਾਰਮ ਵਿੱਚ ਕੀਤੀ ਜਾਵੇਗੀ। ਬੂਥਵਾਰ ਲਗਾਏ ਗਏ ਬੂਥ ਲੈਵਲ ਏਜੰਟ ਦੇ ਫਾਰਮ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਪਾਸ ਜਮ੍ਹਾਂ ਕਰਵਾਏ ਜਾਣੇ ਹਨ ਅਤੇ ਲਿਸਟ ਜ਼ਿਲ੍ਹਾ ਚੋਣ ਦਫ਼ਤਰ ਪਾਸ ਵੀ ਜਮ੍ਹਾਂ ਕਰਵਾਈ ਜਾਣੀ ਹੈ।
ਭਾਰਤ ਚੋਣ ਕਮਿਸ਼ਨ ਵੱਲੋਂ ਸਮੂਹ ਭਾਰਤ ਵਿੱਚ 1950 ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਆਮ ਪਬਲਿਕ ਵੱਲੋਂ ਵੋਟਰ ਸੂਚੀ ਸਬੰਧੀ ਜਾਣਕਾਰੀ ਪ੍ਰਾਪਤ ਕਰਨ, ਆਪਣੇ ਸੁਝਾਓ ਦੇਣ ਜਾਂ ਵੋਟਾਂ ਸਮੇਤ ਆ ਰਹੀ ਮੁਸ਼ਕਿਲ ਸਬੰਧੀ ਕਿਸੇ ਵੀ ਤਰ੍ਹਾਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਭਾਰਤ ਚੋਣ ਕਮਿਸ਼ਨ ਜੀ ਵੱਲੋਂ ਜਾਰੀ ਆਨਲਾਈਨ www.ngsp.eci.gov.in ਪੋਰਟਲ ਉਪਰ ਵੀ ਪਬਲਿਕ ਵੱਲੋਂ ਵੋਟਰ ਕਾਰਡ/ ਵੋਟਾਂ ਸਬੰਧੀ ਕੋਈ ਵੀ ਜਾਣਕਾਰੀ ਜਾਂ ਸ਼ਿਕਾਇਤ ਆਨਲਾਈਨ ਦਰਜ ਕਰਵਾਈ ਜਾ ਸਕਦੀ ਹੈ। ਚਾਰੂਮਿਤਾ ਨੇ ਅੱਗੇ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਕਿਸੇ ਵੀ ਪੋਲਿੰਗ ਸਟੇਸ਼ਨ ਦੀ ਹਾਲਤ ਬਹੁਤ ਖਸਤਾ ਹੋਣ ਸਬੰਧੀ ਜਾਂ ਪੋਲਿੰਗ ਸਟੇਸ਼ਨ ਦੀ ਦੂਰੀ ਪੋਲਿੰਗ ਏਰੀਏ ਤੋਂ 2 ਕਿਲੋਮੀਟਰ ਤੋਂ ਵੱਧ ਹੋਣ ਸਬੰਧੀ ਕੋਈ ਸੁਝਾਅ ਹੈ ਤਾਂ ਆਪਣੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਦਿੱਤਾ ਜਾ ਸਕਦਾ ਹੈ।
ਇਸ ਮੀਟਿੰਗ ਵਿੱਚ ਚੋਣ ਤਹਿਸੀਲਦਾਰ ਅਮਨਦੀਪ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਅਮਿਤ ਪੁਰੀ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਸੰਜੀਵ ਕੋਛੜ, ਭਾਰਤੀ ਜਨਤਾ ਪਾਰਟੀ ਤੋਂ ਹਿਮਾਂਤ ਸੂਦ, ਬਹੁਜਨ ਸਮਾਜ ਪਾਰਟੀ ਤੋਂ ਗੁਰਪ੍ਰੀਤ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਸਚਿਨ ਵਡੇਰ ਆਦਿ ਹਾਜ਼ਰ ਸਨ।

