
ਮੋਗਾ 19 ਮਾਰਚ (ਮੁਨੀਸ਼ ਜਿੰਦਲ)
ਪਿਛਲੇ ਦਿਨੀਂ NHM ਇੰਪਲਾਇਜ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਡਾਕਟਰ ਵਾਹਿਦ ਮੁਹੰਮਦ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਸੂਬਾ ਕਮੇਟੀ ਮੈਂਬਰਾਂ ਅਤੇ ਵੱਖ ਵੱਖ ਜਿਲਿਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਵਾਹਿਦ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਨੇ ਮਿਤੀ 31 ਜਨਵਰੀ ਨੂੰ ਪੱਤਰ ਜਾਰੀ ਕਰਕੇ, ਦੋ ਮਹੀਨਿਆਂ ਦੇ ਅੰਦਰ ਅੰਦਰ ਤਨਖਾਹਾਂ ਵਿੱਚ ਵਾਧੇ ਅਤੇ ਕਮਾਈ ਛੁੱਟੀ ਦੇਣ ਦਾ ਵਾਅਦਾ ਕੀਤਾ ਸੀ। ਪਰੰਤੂ ਬੜੇ ਹੀ ਦੁੱਖ ਦੀ ਗੱਲ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਇਹਨਾਂ ਮੰਗਾਂ ਨੂੰ ਪੂਰਾ ਕਰਨ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਕਾਰਨ NHM ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ ਭਾਰੀ ਸਦਮੇ ਵਿਚ ਹਨ। ਜਿਸ ਦੇ ਰੋਸ ਵਜੋਂ NHM ਕਰਮਚਾਰੀਆਂ ਵੱਲੋਂ ਮਿਤੀ 24 ਮਾਰਚ ਤੋਂ 26 ਮਾਰਚ ਤੱਕ ਕੰਮ ਛੱਡੋ/ ਪੈੱਨ ਡਾਊਨ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ‘ਤੇ ਇਹਨਾਂ ਤਿੰਨੇਂ ਦਿਨ, ਕੰਮ ਛੱਡੋ ਹੜਤਾਲ ਦੌਰਾਨ NHM ਕਰਮਚਾਰੀ, ਸਿਹਤ ਸੰਸਥਾਵਾਂ ਵਿਖੇ NCD ਸਕਰੀਨਿੰਗ ਕੰਪੇਨ, ਟੀਬੀ ਕੰਪੇਨ, OPD, ਕਲੀਨੀਕਲ ਡਿਊਟੀਆਂ, ਦਫਤਰੀ ਰਿਪੋਰਟਿੰਗ ਦਾ ਕੰਮ, ਆਨ ਲਾਈਨ ਅਤੇ ਆਫ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰਾਂ ਠੱਪ ਰੱਖਣਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ NHM ਕਰਮਚਾਰੀਆਂ ਦੀ ਪਿਛਲੇ ਤਿੰਨ ਸਾਲਾਂ ਤੋਂ ਅਣਦੇਖੀ ਕੀਤੇ ਜਾਣ ਕਾਰਨ ਲੁਧਿਆਣਾ ਵਿਖੇ ਪੰਜਾਬ ਸਰਕਾਰ ਵਿਰੁੱਧ ਘਰ ਘਰ ਪਰਚੇ ਵੰਡ ਕੇ ਸਰਕਾਰ ਦੀ ਪੋਲ ਖੋਲਣ ਲਈ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ NHM ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਕਮਾਈ ਛੁੱਟੀ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਇਸ ਸੰਬੰਧੀ ਜਿਲੇ ਦੀ ਇਕਾਈ ਵੱਲੋਂ, ਸਿਵਲ ਸਰਜਨ ਡਾ. ਪ੍ਰਦੀਪ ਮਹਿੰਦਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਮੌਕੇ ਕਿਰਨਜੀਤ ਕੌਰ ਲੁਧਿਆਣਾ, ਅਮਨਦੀਪ ਸਿੰਘ ਨਾਭਾ, ਦਿਨੇਸ਼ ਗਰਗ ਪਟਿਆਲਾ, ਜਗਦੇਵ ਸਿੰਘ ਮਾਨਸਾ, ਹਰਪਾਲ ਸਿੰਘ ਸੋਢੀ ਫਤਿਹਗੜ ਸਾਹਿਬ, ਰਣਜੀਤ ਕੌਰ ਬਠਿੰਡਾ, ਦੀਪਿਕਾ ਸ਼ਰਮਾ ਪਠਾਨਕੋਟ, ਨੀਤੂ ਸ਼ਰਮਲ ਹੁਸ਼ਿਆਰਪੁਰ, ਗੁਲਸ਼ਨ ਸ਼ਰਮਾ ਫਰੀਦਕੋਟ, ਡਾਕਟਰ ਸ਼ਿਵਰਾਜ ਲੁਧਿਆਣਾ, ਡਾਕਟਰ ਰਾਜ ਸ਼ਹੀਦ ਭਗਤ ਸਿੰਘ ਨਗਰ, ਸੰਦੀਪ ਕੌਰ ਬਰਨਾਲਾ, ਰਵਿੰਦਰ ਕੁਮਾਰ ਫਾਜਲਿਕਾ, ਜਸਬੀਰ ਸਿੰਘ ਤਰਨਤਾਰਨ ਆਦਿ ਨੇ ਵੀ ਸੰਬੋਧਨ ਕੀਤਾ।

