
ਮੋਗਾ 21 ਮਾਰਚ (ਮੁਨੀਸ਼ ਜਿੰਦਲ)
ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ 24 ਮਾਰਚ ਨੂੰ ਮੋਹਾਲੀ ਵਿਖੇ ਕੀਤੀ ਜਾ ਰਹੀ ਪੈਨਸ਼ਨਰ ਮੰਗਾਂ ਦੀ ਪੂਰਤੀ ਲਈ, ਮਹਾਂ ਰੈਲੀ ਵਿੱਚ ਮੋਗਾ ਜਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਚਾਰ ਬੱਸਾਂ ਦਾ ਕਾਫ਼ਲਾ ਲੈ ਕੇ ਮੋਹਾਲੀ ਕੂਚ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਜਿਲ੍ਹਾ ਵਰਕਿੰਗ ਪ੍ਰਧਾਨ ਨੇ ਦੱਸਿਆ ਕਿ ਮੋਗਾ ਤੋਂ ਚੱਲਣ ਵਾਲੀ ਬੱਸ 24 ਮਾਰਚ ਨੂੰ ਸਵੇਰੇ 7 ਵਜੇ ਚੱਕੀ ਵਾਲੀ ਗਲੀ ਦੇ ਸਾਹਮਣੇ ਪਹੁੰਚੇਗੀ ਅਤੇ ਮੋਗਾ ਸਬ ਡਵੀਜਨ ਦੇ ਪੈਨਸ਼ਨਰਾਂ ਨੂੰ ਲੈ ਕੇ ਮੋਹਾਲੀ ਲਈ ਰਵਾਨਾ ਹੋਵੇਗੀ। ਚਮਕੌਰ ਸਿੰਘ ਸਰਾਂ, ਇੰਦਰਜੀਤ ਸਿੰਘ ਮੋਗਾ, ਬਲਵਿੰਦਰ ਸਿੰਘ ਗਿੱਲ, ਜਗਦੀਪ ਸਿੰਘ ਢਿੱਲੋਂ , ਬਚਿੱਤਰ ਸਿੰਘ ਮਟਵਾਣੀ, ਨਾਇਬ ਸਿੰਘ, ਮੇਹਰ ਸਿੰਘ, ਸਮਸ਼ੇਰ ਸਿੰਘ, ਬਲਵੀਰ ਸਿੰਘ ਮੋਗਾ, ਤੇਜਾ ਸਿੰਘ ਘੱਲ ਕਲਾਂ ਅਤੇ ਪ੍ਰੈਸ ਸਕੱਤਰ ਗਿਆਨ ਸਿੰਘ ਸਾਬਕਾ DPRO ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਪੈਨਸ਼ਨਰਜ਼ ਦੀਆਂ ਮੰਗਾਂ ਪ੍ਰਤੀ ਰਵਈਆ ਬੇਹੱਦ ਘਟੀਆ ਅਤੇ ਨਿੰਦਦਯੋਗ ਹੈ। ਸਾਢੇ ਪੰਜ ਸਾਲ ਦੇ ਬਕਾਏ ਨੂੰ ਸਾਲਾਂ ਬੱਧੀ ਕਿਸ਼ਤਾਂ ਵਿੱਚ ਲਟਕਾ ਕੇ ਬੁਢਾਪੇ ਵਿੱਚ ਜੀਵਨ ਬਸਰ ਕਰ ਕੇ ਬਜੁਰਗ ਪੈਨਸ਼ਨਰਾਂ ਦੇ ਨਾਲ ਛਲ ਖੇਡਿਆ ਹੈ। ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਅਧੂਰਾ ਲਾਗੂ ਕਰਕੇ ਜਨਵਰੀ 2016 ਤੋਂ ਪਹਿਲੇ ਪੈਨਸ਼ਨਰਾਂ ਲਈ 2.59 ਦਾ ਗੁਣਾਕ ਨਾ ਦੇ ਕੇ ਪੈਨਸ਼ਨਰਾਂ ਨੂੰ ਦੋ ਭਾਗਾਂ ਵਿੱਚ ਵੰਡ ਕੇ 2016 ਤੋਂ ਬਾਅਦ ਦੇ ਪੈਨਸ਼ਰਾਂ ਨੂੰ 2.59 ਦੇ ਦਿੱਤਾ ਗਿਆ, ਜਿਸ ਨਾਲ ਛੇਵੇਂ ਪੇ ਕਮਿਸ਼ਨ ਦੀ ਮੂਲ ਭਾਵਨਾ ਨਾਲ ਖਿਲਵਾੜ ਕੀਤਾ ਗਿਆ ਹੈ। ਡੀ.ਏ ਨੂੰ ਕੇਂਦਰ ਨਾਲੋਂ ਡੀ ਲਿੰਕ ਕਰਨ ਦੀਆਂ ਕੋਝੀਆਂ ਚਾਲਾਂ ਚਲਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਤੋਂ 11% ਘੱਟ ਡੀ.ਏ ਜਾਰੀ ਕੀਤਾ ਹੋਇਆ ਹੈ। ਇਸ ਲਈ ਹੋਰ ਲਟਕਦੀਆਂ ਮੰਗਾਂ ਦੀ ਪੂਰਤੀ ਲਈ ਪੈਨਸ਼ਨਰਾਂ ਕੋਲ ਇੱਕੋ ਇੱਕ ਰਾਹ ਸੰਘਰਸ਼ ਦਾ ਹੀ ਬਚਦਾ ਹੈ। ਜਿਸ ਕਰਕੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਹੈ ਕਿ ਉਹ ਵੱਡੀ ਗਿਣਤੀ ਵਿੱਚ ਘਰੇਲੂ ਰੁਝੇਵੇਂ ਛੱਡ ਕੇ ਪੈਨਸ਼ਨਰਾਂ ਦੀ ਮਹਾਂ ਰੈਲੀ ਵਿੱਚ 24 ਮਾਰਚ ਨੂੰ ਕਾਫਲੇ ਬੰਨ੍ਹ ਕੇ ਗੁਰਦਵਾਰਾ ਅੰਬ ਸਾਹਿਬ ਦੇ ਨਜਦੀਕ ਗਰਾਉਂਡ ਵਿੱਚ ਮੋਹਾਲੀ ਪੁੱਜਣ।

