ਮੋਗਾ, 15 ਦਸੰਬਰ (ਮੁਨੀਸ਼ ਜਿੰਦਲ)
ਵਿਸ਼ਵ ਏਡਜ਼ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਪਟਿਆਲਾ ਵਿੱਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪ੍ਰੋਜੈਕਟ ਡਾਇਰੈਕਟਰ ਏਡਜ਼ ਕੰਟਰੋਲ ਸੁਸਾਇਟੀ ਆਈ.ਏ.ਐਸ ਵਰਿੰਦਰ ਸ਼ਰਮਾ, ਸਿਹਤ ਵਿਭਾਗ ਦੇ ਅਧਿਕਾਰੀ ਤੇ ਨਾਮਵਰ ਸਖਸੀਅਤਾਂ ਮਜੂਦ ਸਨ। ਇਸ ਮੌਕੇ ਪੰਜਾਬ ਦੇ ਵੱਖ ਵੱਖ ਓ.ਐਸ.ਟੀ ਕੇਂਦਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਮੋਗਾ ਦੇ ਸਿਵਿਲ ਹਸਪਤਾਲ ਵਿੱਚ ਚਲ ਰਹੇ ਓ.ਐਸ.ਟੀ. ਕੇਂਦਰ ਦੀ ਸਮੁੱਚੀ ਟੀਮ ਨੂੰ ਸੀਨੀਅਰ ਮੈਡੀਕਲ ਅਫਸਰ ਕਮ ਇੰਚਾਰਜ ਸਿਵਲ ਹਸਪਤਾਲ ਮੋਗਾ ਅਤੇ ਓ.ਐਸ.ਟੀ ਕੇਂਦਰ ਦੇ ਨੋਡਲ ਅਫ਼ਸਰ ਚਰਨਪ੍ਰੀਤ ਸਿੰਘ ਮਾਨਸਿਕ ਅਤੇ ਦਿਮਾਗੀ ਰੋਗ ਦੇ ਮਾਹਿਰ ਸਿਵਿਲ ਹਸਪਤਾਲ ਮੋਗਾ ਦੀ ਅਗਵਾਈ ਹੇਠ ਪੂਰੀ ਟੀਮ ਡਾਕਟਰ ਨਵਨੀਤ ਕੁਮਾਰ ਸਿੰਗਲ ਮੈਡੀਕਲ ਅਫ਼ਸਰ, ਰੁਪਿੰਦਰ ਕੌਰ ਡਾਟਾ ਮੈਨੇਜਰ, ਬਬੀਤਾ ਮਹਿਤਾ ਕੌਂਸਲਰ, ਸਰਬਜੀਤ ਕੌਰ ਸਟਾਫ਼ ਨਰਸ, ਸਿਮਰਤ ਕੌਰ ਸਟਾਫ਼ ਨਰਸ, ਨੀਰਜ ਰਾਣੀ ਸਟਾਫ਼ ਨਰਸ, ਹਰਜੀਤ ਕੌਰ ਸਟਾਫ ਨਰਸ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵਲੋਂ ਸਨਮਨਿਤ ਕੀਤਾ ਗਿਆ।
ਸਿਵਲ ਸਰਜਨ ਮੋਗਾ ਡਾ ਰਾਜੇਸ਼ ਅੱਤਰੀ ਓ.ਐਸ.ਟੀ ਕੇਂਦਰ ਦੀ ਸਮੁੱਚੀ ਟੀਮ ਨੂੰ ਦੋਬਾਰਾ ਸਮਮਾਨਿਤ ਕਰਦੇ ਹੋਏ। (ਫੋਟੋ: ਡੈਸਕ)
ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਸਮੁੱਚੀ ਟੀਮ ਨੂੰ ਵਧਾਈ ਦਿਤੀ। ਓਹਨਾ ਦੱਸਿਆ ਕਿ ਜਿਲਾ ਮੋਗਾ ਦੇ ਓ.ਐਸ.ਟੀ ਕੇਂਦਰ ਨੂੰ ਲਗਾਤਾਰ ਤੀਜੀ ਵਾਰ, ਰਾਜ ਪੱਧਰੀ ਸਨਮਾਨ ਮਿਲ ਚੁਕਾ ਹੈ। ਅਤੇ ਇਸੇ ਕੜੀ ਦੌਰਾਨ ਇਸ ਵਾਰੀ ਵੀ ਪੰਜਾਬ ਵਿੱਚ ਸਿਵਲ ਹਸਪਤਾਲ ਮੋਗਾ ਨੂੰ ਪਹਿਲੇ ਦਰਜੇ ਦਾ ਸਨਮਾਨ ਮਿਲ਼ਿਆ ਹੈ। ਓਹਨਾ ਕਿਹਾ ਕਿ ਐਚ.ਆਈ.ਵੀ /ਏਡਜ਼ ਵਿਰੁੱਧ ਸਾਡੀ ਸਮੂਹਿਕ ਲੜਾਈ ਵਿੱਚ ਸਮਾਜ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਅਤੇ ਐੱਨ.ਜੀ.ਓ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਏਡਜ ਵਿਰੁੱਧ ਲੜਾਈ ਵਿੱਚ ਮੋਹਰੀ ਰੋਲ ਅਦਾ ਕਰਨ। ਉਹਨਾਂ ਕਿਹਾ ਕਿ ਇਹ ਬਿਮਾਰੀ ਦੁਨੀਆਂ ਭਰ ਵਿੱਚ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਇਹ ਅਜਿਹਾ ਵਾਇਰਸ ਹੈ, ਜੋ ਆਮ ਲੋਕਾਂ ਨੂੰ ਉਦੋਂ ਤੱਕ ਪ੍ਰਭਾਵਿਤ ਨਹੀਂ ਕਰਦਾ ਜਦੋਂ ਤੱਕ ਵਾਇਰਸ ਵਾਲੇ ਵਿਅਕਤੀ ਦੇ ਸੰਪਰਕ (through blood route or unprotected sex) ਵਿੱਚ ਨਹੀਂ ਆਉਂਦਾ।
ਓ.ਐੱਸ.ਟੀ ਕੇਂਦਰ ਦੇ ਜਿਲਾ ਨੋਡਲ ਅਫ਼ਸਰ ਡਾ. ਚਰਨਪ੍ਰੀਤ ਸਿੰਘ ਅਤੇ ਡਾਕਟਰ ਨਵਨੀਤ ਕੁਮਾਰ ਸਿੰਗਲ ਨੇ ਕਿਹਾ ਕਿ ਐਚ.ਆਈ.ਵੀ. ਪਾਜ਼ਿਟਿਵ ਮਰੀਜ਼ ਦਵਾਈ ਲੈਣ ਲਈ ਏ.ਆਰ.ਟੀ. ਕੇਂਦਰਾਂ ਵਿੱਚ ਰਜਿਸਟਰਡ ਕਿੱਤੇ ਜਾਂਦੇ ਹਨ। ਐਚ.ਆਈ.ਵੀ. ‘ਤੇ ਕਾਬੂ ਪਾਉਣ ਲਈ ਸਿਵਿਲ ਹਸਪਤਾਲ ਵਿੱਚ ਏ.ਆਰ.ਟੀ ਸੈਂਟਰ ਹਨ ਜਿੱਥੇ ਕੋਈ ਵੀ ਆਪਣਾ ਟੈਸਟ ਮੁਫ਼ਤ ਕਰਵਾ ਸਕਦਾ ਹੈ। ਅਤੇ ਟੈਸਟ ਦੇ ਨਤੀਜੇ ਵੀ ਗੁਪਤ ਰੱਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਐਚ.ਆਈ.ਵੀ. ਪਾਜਿਟਿਵ ਪਾਇਆ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਉਹ ਵੀ ਦਵਾਈਆਂ ਨਾਲ ਲੰਬੀ ਸੇਹਤਮੰਦ ਜ਼ਿੰਦਗੀ ਬਤੀਤ ਕਰ ਸਕਦਾ ਹੈ। ਅਤੇ ਇਹ ਦਵਾਈਆਂ ਸਰਕਾਰੀ ਹਸਪਤਾਲ ਵਿੱਚ ਏ.ਆਰ.ਟੀ. ਕੇਂਦਰ ਵਿੱਚ ਮੁਫ਼ਤ ਦਿੱਤੀਆ ਜਾ ਰਹੀਆਂ ਹਨ। ਇਸ ਬਾਰੇ ਡਾਕਟਰ ਚਰਨਪ੍ਰੀਤ ਸਿੰਘ ਨੋਡਲ ਅਫ਼ਸਰ ਓ.ਐਸ.ਟੀ ਕੇਂਦਰ ਨੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੂਈ ਸਰਿੰਜਾਂ (I.V) ਨਾਲ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਓ.ਐਸ.ਟੀ. ਕੇਂਦਰ ਮੋਗਾ ਵਿੱਚ ਇਲਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਏਡਜ਼ ਬਾਰੇ ਬੋਲਦਿਆਂ ਕਿਹਾ ਕਿ ਇਸ ਨਾ-ਮੁਰਾਦ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਦੀ ਲੋੜ ਹੈ। ਅੱਜ ਇਹ ਬਿਮਾਰੀ ਸਾਡੇ ਵਾਸਤੇ ਇਕ ਸਮੱਸਿਆ ਹੀ ਨਹੀਂ ਸਗੋਂ ਇੱਕ ਸਮਾਜਿਕ ਅਤੇ ਆਰਥਿਕ ਸਮੱਸਿਆ ਵੀ ਹੈ।