

ਮੋਗਾ 3 ਅਪ੍ਰੈਲ, (ਮੁਨੀਸ਼ ਜਿੰਦਲ)

ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਉਣੀ 2025 ਸੀਜ਼ਨ ਦੌਰਾਨ ਕਿਸਾਨਾਂ ਵੱਲੋਂ ਬੀਜੀਆਂ ਜਾਣ ਵਾਲੀਆਂ ਫ਼ਸਲਾਂ, ਖੇਤੀ ਮਸ਼ੀਨਰੀ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁੱਚਜੀ ਵਰਤੋਂ, ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ, ਸਹਾਇਕ ਧੰਦੇ ਅਤੇ ਹੋਰ ਖੇਤੀ ਨਾਲ ਜੁੜੀਆਂ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 4 ਅਪ੍ਰੈਲ 2025 ਨੂੰ ਗੁਰਦੁਆਰਾ ਸਾਹਿਬ (ਸ਼ਹੀਦਾਂ) ਪਿੰਡ ਖੋਸਾ ਪਾਂਡੋ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕਿਸਾਨ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਕਰਨਗੇ। ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਇਸ ਕੈਂਪ ਦੀ ਪ੍ਰਧਾਨਗੀ ਕਰਨਗੇ। ਸਮੂਹ ਵਿਧਾਇਕ ਇਸ ਕੈਂਪ ਦੇ ਵਿਸ਼ੇਸ਼ ਮਹਿਮਾਨ ਹੋਣਗੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਕਿਸਾਨ ਸਿਖਲਾਈ ਕੈਂਪ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦੇਣਗੇ। ਇਸ ਕੈਂਪ ਵਿੱਚ ਡਾ. ਪਰਮਿੰਦਰ ਕੌਰ ਵੱਲੋਂ ਅੱਜ ਦੇ ਲਾਈਫ਼ ਸਟਾਈਲ ਵਿਚ ਪੌਸ਼ਿਕ ਤੱਤਾਂ ਦੀ ਮਹੱਤਤਾ, ਡਾ. ਮਨਪ੍ਰੀਤ ਜੈਦਕਾ ਵੱਲੋਂ ਖਰੀਫ ਦੀਆਂ ਫ਼ਸਲਾਂ ਦੀ ਪੈਦਾਵਾਰ, ਡਾ. ਪ੍ਰੇਰਨਾ ਠਾਕੁਰ ਵੱਲੋਂ ਸਬਜ਼ੀਆਂ ਦੀ ਕਾਸ਼ਤ, ਡਾ. ਪ੍ਰਭਜੋਤ ਕੌਰ ਵੱਲੋਂ ਪਸ਼ੂਆਂ ਦੀ ਸਾਂਭ ਸੰਭਾਲ, ਡਾ. ਸੰਦੀਪ ਕੁਮਾਰ ਵੱਲੋਂ ਸਾਉਣੀਆਂ ਦੀਆਂ ਫ਼ਸਲਾਂ ਵਿਚ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਖੇਤੀਬਾੜੀ ਵਿਭਾਗ ਦੇ ਮਾਹਰ ਡਾ. ਸੁਖਰਾਜ ਕੌਰ ਦਿਓਲ ਵੱਲੋਂ ਮਿੱਟੀ ਅਤੇ ਪਾਣੀ ਪਰਖ, ਡਾ. ਬਲਜਿੰਦਰ ਸਿੰਘ ਵੱਲੋਂ ਕਪਾਹ ਦੀ ਕਾਸ਼ਤ, ਡਾ. ਜਸਬੀਰ ਕੌਰ ਵੱਲੋਂ ਖੇਤੀ ਵਿਚ ਤੱਤਾਂ ਦੀ ਮਹੱਤਤਾ ਅਤੇ ਝੋਨੇ ਦੀ ਸਿੱਧੀ ਬਿਜਾਈ, ਡਾ. ਗੁਰਲਵਲੀਨ ਸਿੰਘ ਵੱਲੋਂ ਮੱਕੀ ਅਤੇ ਮੂੰਗੀ ਦੀ ਕਾਸ਼ਤ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਖੇਤੀ ਮਸ਼ੀਨਰੀ, ਸੈਲਫ ਹੈਲਪ ਗਰੁੱਪ, ਖੇਤੀ ਦੇ ਸਹਾਇਕ ਧੰਦਿਆਂ ਅਤੇ ਖੇਤੀ ਪ੍ਰੋਡਕਟਸ ਸਬੰਧੀ ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਜਾਵੇਗਾ। ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਇਸ ਕਿਸਾਨ ਸਿਖਲਾਈ ਕੈਂਪ ਵਿਚ ਹਾਜ਼ਰ ਹੋਵੇਗਾ ਅਤੇ ਕਿਸਾਨਾਂ ਦੀ ਹਰ ਮੁਸ਼ਕਲ ਤੇ ਵਿਚਾਰ ਕੀਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਕਿਸਾਨਾਂ ਨੂੰ ਇਸ ਕਿਸਾਨ ਸਿਖਲਾਈ ਕੈਂਪ ਵਿਚ ਸ਼ਾਮਲ ਹੋਣ ਦੀ ਪੁਰਜੋ਼ਰ ਅਪੀਲ ਕੀਤੀ।