

ਮੋਗਾ 11 ਅਪ੍ਰੈਲ, (ਮੁਨੀਸ਼ ਜਿੰਦਲ)
ਭਾਰਤੀ ਸੈਨਾ ਵਿੱਚ ਸੇਵਾ ਨਿਭਾਉਣ ਵਾਲੇ ਜੰਗੀ ਯੋਧਿਆਂ ਤੇ ਵੀਰ ਨਾਰੀਆਂ ਦੇ ਸਨਮਾਨ ਲਈ, ਮਹਾਰਾਜਾ ਰਣਜੀਤ ਸਿੰਘ ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਬੁੱਟਰ ਕਲਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਸੂਬੇਦਾਰ ਛਿੰਦਰਪਾਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ‘ਤੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਅਤੇ ਸੋਸਾਇਟੀ ਦੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਉੱਘੇ ਸਮਾਜ ਸੇਵੀ ਅਤੇ ਸਾਹਿਤਕਾਰ ਡਾਕਟਰ ਸਰਬਜੀਤ ਕੌਰ ਬਰਾੜ ਨੇ ਸੋਸਾਇਟੀ ਵੱਲੋਂ ਹਰ ਕੰਮ ਨੂੰ ਮੁਫਤ ਵਿੱਚ ਸੇਵਾ ਭਾਵਨਾ ਨਾਲ ਕਰਨ ਵਾਸਤੇ ਸ਼ਲਾਘਾ ਕੀਤੀ ਅਤੇ ਸੈਨਿਕਾਂ ਦੇ ਬਹਾਦਰੀ ਭਰੇ ਜਜਬੇ ਨੂੰ ਦਿਲ ਤੋਂ ਸਲਾਮ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਿਰਫ਼ ਰੱਬੀ ਫਰਿਸ਼ਤਿਆਂ ਦੇ ਹਿੱਸੇ ਹੀ ਆਉਂਦੇ ਹਨ। ਕੈਪਟਨ ਜਸਵੰਤ ਸਿੰਘ ਨੇ, ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਦੀ ਜੀਵਨੀ ਬਾਰੇ ਦੱਸਿਆ ਤੇ ਕਿਹਾ ਕਿ ਕਾਰਗਿਲ ਦੀ ਲੜਾਈ ਵਿੱਚ ਉਨ੍ਹਾਂ ਨੇ ਫ਼ਤਹਿ ਦਾ ਤਿਰੰਗਾ ਲਹਿਰਾ ਕੇ ਭਾਰਤ ਮਾਤਾ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਸੀ। ਜਿਸ ਕਰਕੇ ਉਨ੍ਹਾਂ ਨੂੰ ਆਪਣੀ ਬਾ ਕਮਾਲ ਸੇਵਾ ਕਰਨ ਲਈ ਅਤਿ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਨੇ ਹਮੇਸ਼ਾ ਹੀ ਨੌਜਵਾਨ ਵਰਗ ਨੂੰ ਦੇਸ਼ ਭਗਤੀ ਦਾ ਜਜ਼ਬਾ ਦੇ ਕੇ ਸਰਹੱਦਾਂ ਦੀ ਰਾਖੀ ਲਈ ਪ੍ਰੇਰਿਤ ਕੀਤਾ ਹੈ।

ਮੁਖ ਮਹਿਮਾਨ ਸਣੇ ਭਾਰਤੀ ਸੈਨਾ ਵਿੱਚ ਸੇਵਾ ਨਿਭਾ ਚੁੱਕੇ ਹੋਰ ਜੰਗੀ ਯੌਧੇ।
ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਦੇ 80 ਸਾਲ ਤੋਂ ਵਧੇਰੇ ਉਮਰ ਦੇ ਸੈਨਿਕਾਂ, ਦਾਨੀ ਸੱਜਣਾਂ, ਸੋਸਾਇਟੀ ਮੈਂਬਰਾਂ, ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਰੈਜਿਮੈਂਟ ਵਿੱਚ ਸ਼ਾਮਲ ਹੋਏ ਸਨ, ਤਾਂ ਸੂਬੇਦਾਰ ਮੇਜਰ ਨਿਹਾਲ ਸਿੰਘ ਬੁੱਟਰ ਉਨ੍ਹਾਂ ਦੇ ਪਹਿਲੇ ਉਸਤਾਦ ਸਨ। ਜਿਨ੍ਹਾਂ ਤੋਂ ਉਨ੍ਹਾਂ ਨੇ ਟ੍ਰੇਨਿੰਗ ਦੀਆਂ ਬਾਰੀਕੀਆਂ ਸਿੱਖੀਆਂ ਸਨ। ਆਪਣੇ ਵਿਚਾਰ ਦਿੰਦੇ ਹੋਏ ਮੁੱਖ ਮਹਿਮਾਨ ਨੇ ਕਿਹਾ ਕਿ ਨੌਜਵਾਨ ਵਰਗ ਵਿੱਚ ਦੇਸ਼ ਪ੍ਰੇਮ ਪੈਦਾ ਕਰਨਾ, ਸਾਡੀ ਪ੍ਰਮੁੱਖ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਰਹਿਤ ਸਮਾਜ ਸਿਰਜਣ ਵਿੱਚ ਸੋਸਾਇਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਸੋਸਾਇਟੀ ਦੇ ਮੈਂਬਰਾਂ ਵੱਲੋਂ ਵਧੀਆ ਕਾਰਜਗੁਜਾਰੀ ਅਤੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਨੂੰ ਬਹਾਦਰੀ ਭਰੇ ਜਜ਼ਬੇ ਨੂੰ ਕਾਇਮ ਰੱਖਣ ਦੀ ਤਾਕੀਦ ਕਰਦਿਆਂ ਕਿਹਾ ਕਿ ਕੌਮ ਦੇ ਵਾਰਸਾਂ ਨੂੰ ਸਹੀ ਮਾਰਗ ਤੇ ਲੈ ਕੇ ਜਾਣ ਲਈ, ਸਭ ਤੋਂ ਪਹਿਲਾਂ ਵਤਨ ਦੀ ਮਿੱਟੀ ਲਈ ਪ੍ਰੇਮ ਹੋਣਾ ਜਰੂਰੀ ਹੈ।
ਜਗਵਿੰਦਰ ਬਾਵਾ ਨੇ ਵੀਰ ਨਾਰੀਆਂ ਦੇ ਨਾਲ ਨਾਲ ਅਮਰਜੀਤ ਕੌਰ ਸਰਪੰਚ, ਪਿੰਡ ਬੁੱਟਰ ਅਤੇ ਮੰਚ ਸੰਚਾਲਕ ਦੀ ਭੂਮਿਕਾ ਨਿਭਾ ਰਹੀ ਰਜਿੰਦਰ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਇਤਿਹਾਸ ਦੇ ਖੋਜ ਕਰਤਾ ਗੁਰਮੀਤ ਸਿੰਘ ਨੇ ਪਿੰਡ ਦੇ ਪੁਰਾਣੇ ਬਜ਼ੁਰਗ ਸਰਦਾਰ ਮੁਖਤਿਆਰ ਸਿੰਘ ਤੋਂ ਬੁੱਟਰ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਜਗਤਾਰ ਸਿੰਘ ਕੂਨਰ ਸਰਪੰਚ ਪੱਤੀ ਢਿੱਲੋਂ, ਸਰਦਾਰ ਗੁਰਪ੍ਰੀਤ ਸਿੰਘ, ਸਰਪੰਚ ਬੁੱਟਰ ਖੁਰਦ ਨੇ ਵੀ ਆਪਣੀ ਹਾਜ਼ਰੀ ਲਵਾਈ। ਨਾਇਕ ਮਨਜਿੰਦਰ ਸਿੰਘ ਨੇ ਸੋਸਾਇਟੀ ਵੱਲੋਂ ਬਾਹਰੋਂ ਆਏ ਸੈਨਿਕਾਂ ਤੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਮੌਕੇ ਤੇ ਸੋਸਾਇਟੀ ਦੇ ਚੇਅਰਮੈਨ ਸੂਬੇਦਾਰ ਮੇਜਰ ਨਿਹਾਲ ਸਿੰਘ, ਸੂਬੇਦਾਰ ਚੰਦ ਸਿੰਘ ਪ੍ਰਧਾਨ, ਸਾਬਕਾ ਪ੍ਰਧਾਨ ਸਰਦਾਰ ਬਹਾਦਰ ਸਿੰਘ, ਸਾਬਕਾ ਪ੍ਰਧਾਨ ਕੈਪਟਨ ਹਰਚੰਦ ਸਿੰਘ, ਕੈਪਟਨ ਦਰਸ਼ਨ ਸਿੰਘ, ਕੈਪਟਨ ਬਚਿੱਤਰ ਸਿੰਘ, ਕੈਪਟਨ ਜਗਰਾਜ ਸਿੰਘ, ਸੂਬੇਦਾਰ ਮੇਜਰ ਸਿੰਘ, ਕੈਪਟਨ ਨਿਰਮਲ ਸਿੰਘ, ਹੋਲਦਾਰ ਦਰਸ਼ਨ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ ਹਵਲਦਾਰ, ਬਲਜਿੰਦਰ ਸਿੰਘ, ਰਣਜੀਤ ਸਿੰਘ, ਜਸਕਰਨ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ, ਕਿਰਪਾਲ ਸਿੰਘ ਵੀ ਸ਼ਾਮਲ ਰਹੇ। ਲੈਫਟੀਨੈਂਟ ਜਨਰਲ ਨਵਤੇਜ ਸਿੰਘ ਬਾਵਾ ਨੇ ਸੋਸਾਇਟੀ ਨੂੰ ਗਿਆਰਾਂ ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਭੇਟ ਕੀਤੀ। ਮੰਚ ਸੰਚਾਲਕ ਰਾਜਿੰਦਰ ਕੌਰ ਬਰਾੜ ਨੇ ਪਿੰਡ ਦੀ ਪੰਚਾਇਤ ਨੂੰ ਦਸ ਹਜ਼ਾਰ ਰੁਪਏ ਦੀ ਰਾਸ਼ੀ ਵਾਤਾਵਰਨ ਪ੍ਰੇਮੀ ਵਜੋਂ ਪਿੰਡ ਵਿੱਚ ਫਲਦਾਰ ਬੂਟੇ ਲਵਾਉਣ ਲਈ ਭੇਂਟ ਕੀਤੀ।

