


ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ 24 ਮਾਰਚ ਅਤੇ 25 ਮਾਰਚ ਨੂੰ ਮੋਹਾਲੀ ਵਿਖੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ ਅਤੇ ਇਹਨਾਂ ਰੈਲੀਆਂ ਉਪਰੰਤ ਪੰਜਾਬ ਵਿਧਾਨ ਸਭਾ ਵੱਲ ਮਾਰਚ ਤੋਂ ਰੋਕਣ ਲਈ ਸਰਕਾਰ ਵੱਲੋਂ ਆਪਣੇ ਨੁਮਾਇੰਦਿਆਂ ਰਾਹੀਂ 15 ਅਪ੍ਰੈਲ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਲਈ ਲਿਖਤੀ ਪੱਤਰ ਸਾਂਝਾ ਫਰੰਟ ਆਗੂਆਂ ਨੂੰ ਸੌਂਪਿਆ। ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ 15 ਅਪ੍ਰੈਲ ਦੀ ਮੀਟਿੰਗ ਤੋਂ ਭਾਰੀ ਆਸਾਂ ਸਨ ਕਿ ਘੱਟੋ ਘੱਟ DA ਦੀਆਂ ਰਹਿੰਦੀਆਂ 4 ਕਿਸ਼ਤਾਂ ਤੇ ਕੋਈ ਹਾਂ ਪੱਖੀ ਫੈਸਲਾ ਹੋਵੇਗਾ, ਪੈਨਸ਼ਨਰਾਂ ਲਈ 2.59 ਦਾ ਗੁਣਾਕ ਲਾਗੂ ਕਰਕੇ 1 ਜਨਵਰੀ 2016 ਤੋਂ ਪੈਨਸ਼ਨਾਂ ਸੋਧ ਕੇ ਬਕਾਇਆ ਦਿੱਤਾ ਜਾਵੇਗਾ, ਪੈਨਸ਼ਨਰਾਂ ਨੂੰ ਬਕਾਇਆ ਭੁਗਤਾਨ ਕਰਨ ਲਈ ਲੰਮੀ ਮਿਆਦ ਦੀਆਂ ਕਿਸ਼ਤਾਂ ਘਟਾ ਕੇ ਬਕਾਇਆ ਯੱਕ ਮੁਸ਼ਤ ਦੇਣ ਬਾਰੇ ਕੋਈ ਫੈਸਲਾ ਹੋਵੇਗਾ, ਲੇਕਿਨ ਪੰਜਾਬ ਦੇ ਪੈਨਸ਼ਨਰਾਂ ਅਤੇ ਮੁਲਾਜਮਾਂ ਦੀਆਂ ਆਸਾਂ ਤੇ ਓਦੋਂ ਪਾਣੀ ਫਿਰ ਗਿਆ, ਜਦੋਂ ਉਹਨਾਂ ਤੱਕ ਇਹ ਖ਼ਬਰ ਪੁੱਜੀ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵਾਂਗ ਹੀ ਸਾਂਝੇ ਫਰੰਟ ਦੇ ਆਗੂਆ ਨੂੰ ਇਹ ਕਹਿਕੇ ਵਾਪਸ ਕਰ ਦਿੱਤਾ ਕਿ ਤੁਹਾਡੀ ਮੀਟਿੰਗ ਤਾਂ ਸਾਡੇ ਸ਼ਡਿਊਲ ਵਿੱਚ ਹੀ ਨਹੀਂ ਹੈ।
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸਾਂਝੇ ਫਰੰਟ ਦੇ ਕਨਵੀਨਰ ਹਰਜੀਤ ਸਿੰਘ ਅਤੇ ਸਮੂਹ ਸੂਬਾ ਕਮੇਟੀ ਮੈਂਬਰਾਂ ਨੇ ਸਰਕਾਰ ਦੇ ਇਸ ਤਰ੍ਹਾਂ ਦੇ ਮੁਲਾਜਮ ਪੈਨਸ਼ਨਰ ਵਿਰੋਧੀ ਰਵਈਏ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਵਤੀਰੇ ਖ਼ਿਲਾਫ਼ 17 ਅਪ੍ਰੈਲ ਤੋਂ ਸਾਰੇ ਜਿਲ੍ਹਾ ਹੈੱਡ ਕੁਆਰਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਜਾਵੇਗਾ। ਪੰਜਾਬ ਦੇ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਸੰਘਰਸ਼ ਕਰਦੀਆਂ ਜੱਥੇਬੰਦੀਆਂ ਤੇ ਪੈਸੇ ਇਕੱਠੇ ਕਰਨ ਦੇ ਲਾਏ ਦੋਸ਼ਾਂ ਨੂੰ ਸ਼ਰਾਰਤੀ ਮਨ ਦੀ ਕਾਢ ਦੱਸਦਿਆਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੱਸਿਆ ਕਿ ਇਸ ਤਰ੍ਹਾਂ ਦੀ ਬਿਆਨਬਾਜੀ ਅਸਲ ਵਿੱਚ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਲੋਕ ਹਿਤਾਂ ਲਈ ਲੜਨ ਦੇ ਹੱਕੀ ਸੰਘਰਸ਼ਾਂ ਤੋਂ ਰੋਕ ਕੇ ਆਪਣੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਦਾ ਭੈੜਾ ਮਨਸੂਬਾ ਹੈ। ਜਿਸ ਨੂੰ ਪੰਜਾਬ ਦੇ ਅਣਖੀ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪ੍ਰੈਸ ਬਿਆਨ ਜਾਰੀ ਕਰਦਿਆਂ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਸੂਬਾ ਪ੍ਰੈਸ ਸਕੱਤਰ ਸੁਲੱਖਣ ਸਿੰਘ, ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕ ਲੈਣ ਲਈ ਤੱਤਪਰ ਰਹਿਣ।
ਇਸ ਮੌਕੇ ਇਕੱਤਰ ਹੋਏ ਆਗੂਆਂ ਜਸਵਿੰਦਰ ਸਿੰਘ ਆਹਲੂ ਵਾਲੀਆਂ, ਪ੍ਰੀਤਮ ਸਿੰਘ ਨਾਗਰਾ, ਹਰਚੰਦ ਸਿੰਘ ਪੰਜੋਲੀ, ਧਰਮ ਪਾਲ ਆਜ਼ਾਦ, ਸੁਖਦੇਵ ਸਿੰਘ ਮੋਗਾ, ਭਜਨ ਸਿੰਘ ਗਿੱਲ ਸੂਬਾ ਪ੍ਰਧਾਨ, ਸਰਬ ਜੀਤ ਦੌਧਰ, ਸੁੱਚਾ ਸਿੰਘ ਕਪੂਰਥਲਾ, ਗੁਰਦੀਪ ਸਿੰਘ ਕਪੂਰਥਲਾ, ਦਰਸ਼ਨ ਸਿੰਘ ਬਰਾੜ, ਇੰਦਰਜੀਤ ਸਿੰਘ ਖੀਵਾ, ਸੁਭਾਸ਼ ਚੰਦਰ ਕੋਟਕਪੂਰਾ, ਬੂਟਾ ਸਿੰਘ ਚਿਮਨੇ ਵਾਲਾ, ਟਹਿਲ ਸਿੰਘ, ਦੇਸ ਰਾਜ ਗਾਂਧੀ, ਗੁਰ ਪ੍ਰਤਾਪ ਸਿੰਘ ਅਤੇ ਅਜੀਤ ਸਿੰਘ ਸੋਢੀ ਫਿਰੋਜਪੁਰ, ਸੁਰਿੰਦਰ ਕੁਮਾਰ ਜੋਸ਼ਨ, ਦਰਸ਼ਨ ਸਿੰਘ ਉਟਾਲ, ਜੁਗਿੰਦਰ ਪਾਲ ਰਾਏ, ਕੁਲਵੰਤ ਸਿੰਘ, ਨਿਰਭੈ ਸਿੰਘ, ਆਤਮ ਤੇਜ਼ ਸ਼ਰਮਾਂ, ਲਾਭ ਸਿੰਘ ਡੋਡ, ਨਛੱਤਰ ਸਿੰਘ, ਰਣਜੀਤ ਸਿੰਘ ਮਲੋਟ, ਬਾਬੂ ਰਾਮ ਟਿੰਨਾਂ, ਅਸ਼ੋਕ ਕੁਮਾਰ ਗਿੱਦੜਬਾਹਾ, ਸੱਤ ਪ੍ਰਕਾਸ਼ ਪਠਾਨਕੋਟ, ਰਾਮ ਦਾਸ ਆਦਿ ਸੂਬਾ ਕਮੇਟੀ ਮੈਂਬਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪੈਨਸ਼ਨਰ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਐਲਾਨ ਕੀਤਾ ਅਤੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਉਲੀਕੇ ਹਰ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ।