

ਮੋਗਾ 16 ਅਪ੍ਰੈਲ (ਮੁਨੀਸ਼ ਜਿੰਦਲ)
‘ਇਹ ਚਿੰਤਾਜਨਕ ਦਾ ਵਿਸ਼ਾ ਹੈ ਕਿ ਹਰ ਸਾਲ ਜ਼ਮੀਨੀ ਪਾਣੀ ਦੇ ਪੱਧਰ ਘਟਣ ਨਾਲ ਪਾਣੀ ਦੇ ਸਰੋਤਾਂ ਦੀ ਉਪਲਬਧਤਾ ਅਤੇ ਖੇਤੀਬਾੜੀ ਦੇ ਵਿਕਾਸ ਦੀ ਸਥਿਰਤਾ ਲਈ ਗੰਭੀਰ ਚੁਣੌਤੀਆਂ ਪੈਦਾ ਹੁੰਦੀਆਂ ਜਾ ਰਹੀਆਂ ਹਨ’। ਇਹ ਵਿਚਾਰ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ, ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਨੇ ਮੋਗਾ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਇਹ ਘਟਾਅ ਨਾ ਸਿਰਫ ਫਸਲ ਉਤਪਾਦਨ ਨੂੰ ਖਤਰੇ ਵਿੱਚ ਪਾਵੇਗਾ ਸਗੋਂ ਵਿਆਪਕ ਵਾਤਾਵਰਣੀ ਸੰਤੁਲਨ ਤੇ ਵੀ ਬਹੁਤ ਹੀ ਮਾੜਾ ਪ੍ਰਭਾਵ ਪਵੇਗਾ। ਜਿਸ ਕਰਕੇ ਜਮੀਨੀ ਪਾਣੀ ਦੀ ਘਾਟ ਦੇ ਮੁੱਦੇ ਨੂੰ ਗੰਭੀਰਤਾ ਨਾਲ਼ ਵਿਚਾਰਿਆ ਜਾਣਾ ਜਰੂਰੀ ਹੈ। ਪਾਣੀ ਖੇਤੀਬਾੜੀ ਖੇਤਰ ਵਿੱਚ ਅਤੇ ਮਨੁੱਖੀ ਜੀਵਨ ਦੇ ਲਈ ਅਹਿਮ ਸਰੋਤ ਹੈ। ਕੁਦਰਤ ਨੇ ਮਨੁੱਖੀ ਜੀਵਨ ਲਈ ਬਹੁਤ ਕੀਮਤੀ ਦਾਤਾਂ ਜਿਵੇਂ ਕਿ ਹਵਾ, ਪਾਣੀ, ਜ਼ਮੀਨ ਤੇ ਅਕਾਸ਼ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਜਿਸ ਦੀ ਸਾਂਭ ਸੰਭਾਲ ਕਰਨੀ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ।
ਉਨਾਂ ਕਿਹਾ ਕਿ ਜਮੀਨ ਹੇਠਲਾ ਪਾਣੀ ਘਟਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਵੱਧ ਪਾਣੀ ਖਪਤ ਕਰਨ ਵਾਲੀ ਪੂਸਾ 44 ਝੋਨੇ ਦੀਆਂ ਕਿਸਮਾਂ ਤੇ ਪਾਬੰਦੀ ਵੀ ਇਸੇ ਕਰਕੇ ਲਗਾਈ ਹੈ, ਕਿਉਂਕਿ ਝੋਨੇ ਦੇ ਉਤਪਾਦਨ ਲਈ ਧਰਤੀ ਹੇਠੋਂ ਬੇਸ਼ੁਮਾਰ ਪਾਣੀ ਕੱਢਿਆ ਜਾ ਰਿਹਾ ਹੈ । ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਤੁਰੰਤ ਚਾਹੀਦਾ ਹੈ ਕਿ ਉਹ ਦੇਸ਼ ਦੀ ਖੁਸ਼ਹਾਲੀ ਤੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ, ਝੋਨੇ ਦੀ ਫਸਲ ਤੋਂ ਸਿਵਾਏ ਬਾਕੀ ਦੀਆਂ ਫਸਲਾਂ ਤੇ ਵੀ ਲਾਹੇਵੰਦ ਭਾਅ ਅਤੇ ਯਕੀਨਨ ਮੰਡੀਕਰਨ ਦੀ ਸਹੂਲਤ ਦੇਵੇ, ਤਾਂ ਕਿ ਕਿਸਾਨ ਝੋਨੇ ਦੀ ਫ਼ਸਲ ਹੇਠੋਂ ਰਕਬਾ ਘਟਾਉਣ ਵੱਲ ਪ੍ਰੇਰਿਤ ਹੋ ਸਕਣ। ਸਾਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਸ ਗੰਭੀਰ ਸਮੱਸਿਆ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਕਿ ਅਸੀਂ ਸਾਰੇ ਰਲ ਕੇ ਆਪਣੇ ਪੰਜਾਬ ਦੇ ਲੋਕਾਂ ਦੇ ਭਵਿੱਖ ਲਈ ਪਾਣੀ ਦੀ ਸੰਜਮ ਨਾਲ ਵਰਤੋਂ ਕਰ ਕੇ ਕੁਦਰਤੀ ਅਨਮੋਲ ਖਜਾਨੇ ਧਰਤੀ ਹੇਠਲੇ ਪਾਣੀ ਦੀ ਬੱਚਤ ਸਕੀਏ।