
ਮੋਗਾ 17 ਮਈ, (ਮੁਨੀਸ਼ ਜਿੰਦਲ)
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸਰਬਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਤੇ ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਿਸ ਕਿਰਨ ਜਯੋਤੀ, ਨੇ ਬਿਰਧ ਆਸ਼ਰਮ ‘ਇੱਕ ਆਸ ਆਸ਼ਰਮ ਸੇਵਾ ਸੁਸਾਇਟੀ’ (ਰਜਿ.) ਰੌਲੀ ਰੋਡ ਮੋਗਾ ਦਾ ਦੌਰਾ ਕੀਤਾ। ਦੌਰਾ ਕਰਕੇ ਉਹਨਾਂ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਰੋਧਰਾ ਆਸ਼ਰਮ ਸੇਵਾ ਸੈਂਟਰ ਬਠਿੰਡਾ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਨੂੰ ਟ੍ਰਾਈਸਾਈਕਲ ਵੀ ਵੰਡੇ।

ਉਨ੍ਹਾਂ ਬਜ਼ੁਰਗਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਐਕਟ 2007 ਤਹਿਤ ਹਰੇਕ ਬਜ਼ੁਰਗ ਨੂੰ ਆਪਣੇ ਬੱਚਿਆਂ ਤੋਂ ਖਰਚਾ ਲੈਣ ਦਾ ਅਧਿਕਾਰ ਹੈ। ਬਜ਼ੁਰਗਾਂ ਨੂੰ ਸਿਰਫ਼ ਆਪਣੇ ਪੁੱਤਰਾਂ ਤੋਂ ਹੀ ਨਹੀਂ ਸਗੋਂ ਧੀਆਂ ਤੋਂ ਵੀ ਖ਼ਰਚਾ ਲੈਣ ਦੇ ਅਧਿਕਾਰ ਹਨ। ਜਿਹੜੇ ਬਜ਼ੁਰਗ ਆਪਣੀ ਜਾਇਦਾਦ ਆਪਣੇ ਬੱਚਿਆਂ ਦੇ ਨਾਂ ‘ਤੇ ਟਰਾਂਸਫਰ ਕਰਵਾਉਂਦੇ ਹਨ, ਪਰ ਬਾਅਦ ਵਿੱਚ ਬੱਚੇ ਬਜ਼ੁਰਗਾਂ ਨੂੰ ਖਰਚਾ ਹੀ ਨਹੀਂ ਦਿੰਦੇ, ਸਗੋਂ ਘਰੋਂ ਕੱਢ ਦਿੰਦੇ ਹਨ, ਅਜਿਹੇ ‘ਚ ਬਜ਼ੁਰਗ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਨਾਲ ਸੰਪਰਕ ਕਰ ਸਕਦੇ ਹਨ ਅਤੇ ਉਹਨਾਂ ਦੀ ਜਾਇਦਾਦ ਨੂੰ ਮੁੜ ਪ੍ਰਾਪਤ ਕਰਨ ਲਈ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਵੱਲੋਂ ਹਰੇਕ ਬਜ਼ੁਰਗ ਵਿਅਕਤੀ/ ਔਰਤ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਵਿੱਚ ਵਕੀਲ ਦਾ ਸਾਰਾ ਖਰਚਾ ਅਤੇ ਕਾਗਜ਼ਾਤ ਅਥਾਰਟੀ ਵੱਲੋ ਦਿੱਤਾ ਜਾਦਾ ਹੈ।
ਇਸ ਮੌਕੇ ਤੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ASI ਜਸਵੀਰ ਸਿੰਘ ਬਾਵਾ, ਸੋਸਾਇਟੀ ਦੇ ਪ੍ਰਧਾਨ ਗੁਰਮੀਤ ਕੁਮਾਰ ਮੀਤਾ ਬਾਵਾ, ਸਰਪੰਚ ਨਿਹਾਲ ਸਿੰਘ, ਸੁਖਵਿੰਦਰ ਸਿੰਘ ਕਲੇਰ, ਵਕੀਲ ਸਨੀ ਖੁੱਲਰ ਸਣੇ ਹੋਰ ਸਮਾਜ ਸੇਵੀ ਹਾਜਿਰ ਸਨ।

