
ਮੋਗਾ 11 ਜੂਨ, (ਮੁਨੀਸ਼ ਜਿੰਦਲ/ ਗਿਆਨ ਸਿੰਘ)
ਵੈਦ ਪ੍ਰੀਤਮ ਸਿੰਘ ਨੇ ਹਲੀਮੀ ਅਤੇ ਸਮਾਜ ਸੇਵਾ ਦੇ ਜਜ਼ਬੇ ਨਾਲ ਲੰਬਾ ਜੀਵਨ ਬਤੀਤ ਕੀਤਾ। ਮੋਗਾ ਦੇ ਇਤਿਹਾਸ ਵਿੱਚ ਵੈਦ ਪ੍ਰੀਤਮ ਸਿੰਘ ਦਾ ਨਾਮ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ। ਵੈਦ ਜੀ ਦਾ ਜਨਮ 1937 ਵਿੱਚ ਨਾਨਕੇ ਪਿੰਡ ਸ਼ਾਦੀਪੁਰ ਵਿਖੇ ਮਾਤਾ ਸਮਾਂ ਕੌਰ ਦੀ ਕੁੱਖੋਂ ਹੋਇਆ। ਇਹਨਾਂ ਦੇ ਪਿਤਾ ਸੁਰਜਨ ਸਿੰਘ ਸਨ ਤੇ ਪਿੰਡ ਭਾਈਕੋਟ, ਤਹਿਸੀਲ ਕਸੂਰ ਥਾਣਾ ਚੂਨੀਆਂ, ਪਾਕਿਸਤਾਨ ਸੀ। 1947 ਵਿਚ ਹਿੰਦੁਸਤਾਨ ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦਿਆਂ ਹੀ ਦਸ ਗਿਆਰਾਂ ਸਾਲ ਦੀ ਨਿੱਕੀ ਉਮਰੇ, ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਜਿਸ ਕਾਰਨ ਛੋਟੇ ਤਿੰਨ ਭਰਾਵਾਂ ਤੇ ਇੱਕ ਭੈਣ ਦੀ ਸਿਰ ਪਈ ਜੁੰਮੇਵਾਰੀ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਤੇ ਦ੍ਰਿੜਤਾ ਨਾਲ ਨਿਭਾਇਆ। ਪੰਜਾਬ ਆ ਕੇ ਕੁੱਝ ਸਮਾਂ ਮੋਗਾ ਦੇ ਨਾਲ ਲੱਗਦੇ ਪਿੰਡ ਲੰਢੇ ਕੇ ਵਿਖੇ, ਫਿਰ ਪੁਰਾਣੇ CIA ਸਟਾਫ਼ ਦੇ ਨੇੜੇ ਨਾਨਕ ਨਗਰੀ ਵਿਖੇ ਤੇ ਹੁਣ ਨਿਊ ਦਸ਼ਮੇਸ਼ ਨਗਰ ਵਿਖੇ ਹਾਲ ਅਬਾਦ ਸਨ। ਇਸ ਸਫਰ ਦੌਰਾਨ ਆਪਣੇ ਛੋਟੇ ਭੈਣ ਭਰਾਵਾਂ ਤੇ ਆਪਣੇ ਚਾਰ ਪੁੱਤਰਾਂ ਦੀ ਪਰਵਰਿਸ਼ ਨੂੰ ਪੂਰੀ ਜੁੰਮੇਵਾਰੀ ਨਾਲ ਨਿਭਾਉਂਦਿਆਂ ਚਾਰ ਵੱਡੇ ਪਰਿਵਾਰਾਂ ਦੇ ਮੋਢੀ ਵੈਦ ਪ੍ਰੀਤਮ ਸਿੰਘ 8 ਜੂਨ ਨੂੰ ਸਵਰਗਵਾਸ ਹੋ ਗਏ। ਉਨ੍ਹਾਂ ਦੇ ਪੁੱਤਰ, ਭਤੀਜੇ, ਨੂੰਹਾਂ, ਪੋਤਰੇ, ਪੋਤ ਨੂਹਾਂ, ਦੋ ਦਰਜਨ ਦੇ ਕਰੀਬ ਪਰਿਵਾਰਕ ਮੈਂਬਰ ਵਿਦੇਸ਼ਾਂ ਵਿੱਚ ਹਨ।
ਵੈਦ ਪ੍ਰੀਤਮ ਸਿੰਘ ਨੇ ਪਰਿਵਾਰਕ ਜੁੰਮੇਵਾਰੀ ਦੇ ਨਾਲ ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਵੀ ਸਮਾਜ ਦੀ ਸੇਵਾ ਕਰਦਿਆਂ ਵੱਡੀਆਂ ਪੁਲਾਂਘਾਂ ਪੁੱਟੀਆਂ। ਤਕਰੀਬਨ ਦਸ ਸਾਲ ਤੱਕ ਨਗਰ ਕੌਂਸਲ ਦੇ ਵਾਰਡ ਨੰਬਰ ਇੱਕ (ਜੋ ਅੱਜ ਕਾਰਪੋਰੇਸ਼ਨ ਵਿੱਚ 46,47 ਤੇ 48 ਨੰਬਰ ਚ ਬਦਲ ਚੁੱਕਿਆ ਹੈ) ਵਿਚ ਬਤੌਰ ਨਗਰ ਕੌਂਸਲਰ ਅਜਿਹੀ ਸੇਵਾ ਕੀਤੀ ਜੋ ਲੋਕ ਹਮੇਸਾ ਯਾਦ ਰੱਖਣਗੇ। ਉਸ ਸਮੇਂ ਅਕਾਲੀ ਸਰਕਾਰ ਕੋਲੋ ਇਲਾਕੇ ਦੇ ਅਨੇਕਾਂ ਲੋੜਵੰਦ ਯੋਗ ਬੱਚੇ ਬੱਚੀਆਂ ਨੂੰ ਨੌਕਰੀਆਂ ਲਗਵਾਉਣ, ਪੈਨਸ਼ਨਾਂ ਲਗਵਾਉਣ, ਸ਼ਗਨ ਸਕੀਮ ਦਾ ਲਾਭ ਦਿਵਾਉਣ ਤੇ ਵਾਰਡ ਦੇ ਵਿਕਾਸ ਤੇ ਅਨੇਕਾਂ ਲੋਕ ਭਲਾਈ ਦੇ ਕੰਮ ਕੀਤੇ। ਆਪ ਨੇ ਡੇਰਾ ਸੱਚਾ ਸੌਦਾ ਮੋਗਾ ਬਲਾਕ ਦੀ ਪੰਜ ਮੈਂਬਰੀ ਕਮੇਟੀ ਵਿੱਚ ਲੰਮਾਂ ਸਮਾਂ ਸੇਵਾ ਕਰਦਿਆਂ ਸੰਗਤ ਦੇ ਸਹਿਯੋਗ ਨਾਲ ਗਰੀਬ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ, ਗਰੀਬ ਲੜਕੀਆਂ ਦੀ ਸ਼ਾਦੀਆਂ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਵਰਗੀਆਂ ਅਨੇਕਾਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ।

ਮਿਰਤਕ ਦੇਹ ਨੂੰ ਵਿਦਾਇਗੀ ਦਿੰਦੇ, ਮਾਲਵਿਕਾ ਸੂਦ ਤੇ ਇਲਾਕਾ ਨਿਵਾਸੀ।

ਉਹਨਾਂ ਕੋਲ ਜਦੋ ਕੋਈ ਇਲਾਕੇ ਦਾ ਬੰਦਾ ਆਪਣਾ ਕੰਮ ਲੈ ਕੇ ਅਉਂਦਾ, ਤਾਂ ਉਹ ਨਾਲ ਜਾ ਕੇ ਇੱਥੋਂ ਤੱਕ ਕਿ ਆਪਣੀ ਜੇਬ ਵਿੱਚੋਂ ਖਰਚ ਕਰ ਕੇ ਵੀ ਕੰਮ ਪਹਿਲ ਦੇ ਅਧਾਰ ਤੇ ਕਰਵਾਉਂਦੇ। 8 ਜੂਨ ਨੂੰ ਅਕਾਲ ਚਲਾਣੇ ਦੀ ਖ਼ਬਰ ਨਾਲ ਪੂਰਾ ਇਲਾਕਾ ਸੋਗ ਵਿੱਚ ਡੁੱਬ ਗਿਆ। ਵੈਦ ਜੀ ਨੇ ਸਮਾਜ ਦੀ ਜੋ ਸੇਵਾ ਕੀਤੀ ਉਹ ਤਾਂ ਸ਼ਲਾਘਾਯੋਗ ਹੈ ਹੀ, ਪਰ ਸੰਸਾਰ ਤੋ ਜਾਂਦੇ ਸਮੇ ਆਪਣੀਆਂ ਅੱਖਾਂ ਦਾਨ ਕਰਕੇ ਦੋ ਜ਼ਿੰਦਗੀਆਂ ਨੂੰ ਰੌਸ਼ਨੀ ਦੇ ਗਏ। ਮਲੋਟ ਤੋ 8 ਜੂਨ ਨੂੰ ਵਿਸੇਸ਼ ਟੀਮ ਅੱਖਾਂ ਲੈ ਕੇ ਗਈ। ਇਥੇ ਹੀ ਬਸ ਨਹੀਂ, ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਪਰਿਵਾਰ ਨੇ ਵੈਦ ਜੀ ਦਾ ਸਰੀਰ ਵੀ ਮੈਡੀਕਲ ਕਾਲਜ ਬਰੇਲੀ ਲਈ ਦਾਨ ਕਰ ਦਿੱਤਾ, ਜੋ ਭਵਿੱਖ ਵਿਚ ਨਵੇਂ ਡਾਕਟਰਾਂ ਨੂੰ ਸਿੱਖਿਆ ਪ੍ਰਦਾਨ ਕਰੇਗਾ।
ਸਵੇਰੇ ਕੈਨੇਡਾ ਤੋ ਵੈਦ ਪ੍ਰੀਤਮ ਸਿੰਘ ਦੇ ਪੋਤਰੇ ਗੁਰਭੇਜ ਸਿੰਘ ਤੇ ਨੂੰਹ ਕੁਲਵਿੰਦਰ ਕੌਰ ਦੇ ਮੋਗਾ ਪੁੱਜਣ ਤੇ ਮਿਰਤਕ ਦੇਹ ਸੰਭਾਲ ਕੇੰਦਰ ਸਿੰਘਾਂਵਾਲਾ ਤੋ ਨਾਮ ਚਰਚਾ ਘਰ ਵਿਖੇ ਵੈਦ ਪ੍ਰੀਤਮ ਸਿੰਘ ਦੀ ਮਿਰਤਕ ਦੇਹ ਲਿਆਕੇ ਸੰਗਤਾਂ ਦੇ ਦਰਸਨਾਂ ਲਈ ਰੱਖੀ ਗਈ, ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੈਦ ਪ੍ਰੀਤਮ ਸਿੰਘ ਦੀ ਮਿਰਤਕ ਦੇਹ ਦੇ ਦਰਸ਼ਨ ਕੀਤੇ ਤੇ ਸ਼ਰਧਾ ਦੇ ਫੁੱਲ ਭੇੰਟ ਕੀਤੇ। ਸ਼ਬਦ ਗਾਇਨ ਤੋ ਬਾਅਦ ਸ਼ਾਹ ਸਤਿਨਾਮ ਗਰੀਨ ਐਸ ਵੈਲਫੇਅਰ ਫੋਰਸ ਦੀ 85 ਮੈਬਰੀ ਕਮੇਟੀ ਨੇ ਹਰਜਿੰਦਰ ਸਿੰਘ, ਗੁਰਜੀਤ ਸਿੰਘ ਤੇ ਭੈਣ ਆਸ਼ਾ ਦੀ ਅਗਵਾਈ ਵਿਚ ਨਾਹਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਕਰਕੇ ਮਿਰਤਕ ਦੇਹ ਨੂੰ ਬਰੇਲੀ ਲਈ ਰਵਾਨਾ ਕੀਤਾ। ਵੈਦ ਪ੍ਰੀਤਮ ਸਿੰਘ ਦੀ ਮਿਰਤਕ ਦੇਹ ਨੂੰ ਲੜਕੀਆਂ ਨੇ ਮੋਢਾ ਦਿੱਤਾ। ਵੈਦ ਜੀ ਦੇ ਸਪੁੱਤਰਾਂ ਕੁਲਦੀਪ ਸਿੰਘ, ਮਨਜੀਤ ਸਿੰਘ ਸਾਬਕਾ ਕੌਂਸਲਰ, ਖੁਸ਼ਪ੍ਰੀਤ ਸਿੰਘ ਤੇ ਪੋਤਰੇ ਗੁਰਭੇਜ ਸਿੰਘ ਨੇ ਵਦਾਇਗੀ ਦਿੱਤੀ। ਵੈਦ ਜੀ ਦੀ ਸੁਪਤਨੀ ਸ੍ਰੀਮਤੀ ਸੁਖਚੈਨ ਕੌਰ ਤੇ ਰਿਸ਼ਤੇਦਾਰ ਮੌਜੂਦ ਸਨ।
ਵੈਦ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਨ ਲਈ ਮਾਲਵਿਕਾ ਸੂਦ, ਇੰਨਚਾਰਜ ਕਾਂਗਰਸ ਹਲਕਾ ਮੋਗਾ ਪਹੁੰਚੇ। ਉਹਨਾਂ ਕਿਹਾ ਕਿ ਵੈਦ ਜੀ ਨੇ ਅਪਣੀ ਜਿੰਦਗੀ ਵਿਚ ਚੰਗੇ ਕੰਮ ਕਰਕੇ ਸਮਾਜ ਤੇ ਲੋਕਾਂ ਵਿਚ ਆਪਣੀ ਪਹਿਚਾਨ ਬਣਾਈ। ਉਹਨਾਂ ਮਰਨ ਉਪਰੰਤ ਅੱਖਾਂ ਤੇ ਸਰੀਰ ਦਾਨ ਕਰਕੇ ਮਨੁੱਖਤਾ ਨੂੰ ਨਵਾਂ ਰਾਹ ਦਿਖਾਇਆ। ਇਸ ਮੌਕੇ ਪੁਲੀਸ ਇੰਨਸਪੈਕਟਰ ਹਰਜੀਤ ਸਿੰਘ, ਰਾਜ ਕੁਮਾਰ ਮੁਖੀਜਾ ਸਾਬਕਾ ਕੌਸ਼ਲਰ, ਮਾਸਟਰ ਸ਼ਿੰਦਰ ਸਿੰਘ ਭੁਪਾਲ ਸਣੇ ਸ਼ਹਿਰ ਦੀ ਪ੍ਰਮੁੱਖ ਸਕਸੀਅਤਾਂ ਸ਼ਾਮਲ ਸਨ।

