
ਮੋਗਾ 2 ਜੁਲਾਈ, (ਮੁਨੀਸ਼ ਜਿੰਦਲ)
“ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਾਲੀ ਪੰਜਾਬ ਸਰਕਾਰ, ਆਮ ਲੋਕਾਂ ਨੂੰ ਪ੍ਰਭਾਵਸ਼ਾਲੀ ਅਤੇ ਨਿਰਵਿਘਨ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਇਸ ਦਿਸ਼ਾ ਵਿੱਚ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਦੇ ਹਸਪਤਾਲਾਂ ਜਰੀਏ ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਨਿਰਵਿਘਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਯਤਨਸ਼ੀਲ ਹੈ ਅਤੇ ਸਰਕਾਰੀ ਹਸਪਤਾਲਾਂ ਆਦਿ ਦਾ ਲਗਾਤਾਰ ਨਿਰੀਖਣ ਕਰ ਰਿਹਾ ਹੈ”।

ਸਰਕਾਰੀ ਹਸਪਤਾਲ ਦੇ ਇਕ ਵਾਰਡ ਵਿੱਚ ਨਿਰੀਖਣ ਕਰਦੇ DC ਸਾਗਰ ਸੇਤੀਆ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਡਾਕਟਰ ਮਥੁਰਾ ਦਾਸ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਨ ਮੌਕੇ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ ਵੀ ਮੌਜੂਦ ਸਨ। ਉਹਨਾਂ ਓ.ਪੀ.ਡੀ. ਬਲਾਕ, ਜੱਚਾ ਬੱਚਾ ਵਿੰਗ, ਨਵਜਨਮੇ ਅਤੇ ਨਿੱਕੇ ਬੱਚਿਆਂ ਦਾ ਵਾਰਡ, ਜਨ ਔਸ਼ਧੀ, ਫਾਰਮੇਸੀ ਵਿਭਾਗ ਤੇ ਐਮਰਜੈਂਸੀ ਵਾਰਡ ਦਾ ਦੌਰਾ ਕਰਕੇ ਉੱਥੇ ਹਾਜ਼ਰ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ, ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੱਲ ਕਰਨ ਦੇ ਹੁਕਮ ਵਿਭਾਗ ਨੂੰ ਜਾਰੀ ਕੀਤੇ। ਸਿਹਤ ਸੇਵਾਵਾਂ ਨੂੰ ਕਿਵੇਂ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ, ਬਾਰੇ ਸੁਝਾਅ ਵੀ ਮਰੀਜਾਂ ਤੋਂ ਲਏ ਗਏ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਓ.ਪੀ.ਡੀ ਸੇਵਾਵਾਂ ਨੂੰ ਹੋਰ ਬਿਹਤਰ ਕੀਤਾ ਜਾਵੇਗਾ, ਜਿਸ ਬਾਰੇ ਅੱਜ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਉਹਨਾਂ ਦੱਸਿਆ ਕਿ ਪਹਿਲਾਂ ਫਾਰਮੇਸੀ ਵਿੱਚ ਤਕਰੀਬਨ 280 ਤਰ੍ਹਾਂ ਦੀਆਂ ਦਵਾਈਆਂ ਉਪਲੱਬਧ ਹੁੰਦੀਆਂ ਸਨ, ਲੇਕਿਨ ਹੁਣ ਪੰਜਾਬ ਸਰਕਾਰ ਨੇ 450 ਤਰ੍ਹਾਂ ਦੀਆਂ ਦਵਾਈਆਂ ਫਾਸਮੇਸੀ ਵਿੱਚ ਮੁਫਤ ਮੁਹੱਈਆ ਕਰਵਾ ਦਿੱਤੀਆਂ ਹਨ ਤਾਂ ਕਿ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸਦੇ ਸਟਾਕ ਦੀ ਵੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਿਦਾਂ ਕਿਹਾ ਕਿ ਮੁਢਲੀਆਂ ਸਹੂਲਤਾਂ ਤੋਂ ਲੈ ਕੇ ਐਮਰਜੈਂਸੀ ਸੇਵਾਵਾਂ ਤੱਕ ਹਰੇਕ ਸਹੂਲਤ ਆਮ ਲੋਕਾਂ ਨੂੰ ਵਧੀਆ ਤਰੀਕੇ ਨਾਲ ਹਸਪਤਾਲ ਜਰੀਏ ਪੁੱਜਦੀ ਹੋਣੀ ਚਾਹੀਦੀ ਹੈ। ਉਹਨਾਂ ਸਟਾਫ ਨੂੰ ਸਾਫ ਸਫਾਈ ਪ੍ਰਤੀ ਕੋਈ ਵੀ ਅਣਗਹਿਲੀ ਨਾ ਵਰਤਣ ਲਈ ਕਿਹਾ ਅਤੇ ਸਾਫ ਸਫਾਈ ਦੇ ਮੁਕੰਮਲ ਪ੍ਰਬੰਧ ਹੋਣੇ ਯਕੀਨੀ ਬਣਾਏ ਜਾਣ ਦੇ ਸਖ਼ਤ ਆਦੇਸ਼ ਜਾਰੀ ਕੀਤੇ। ਇਸ ਮੌਕੇ ਉਹਨਾਂ ਨੇ ਜੱਚਾ ਬੱਚਾ ਵਾਰਡ ਵਿੱਚ ਲੇਬਰ ਰੂਮ ਅਤੇ ਐਂਟੀਨੇਟਲ ਵਾਰਡ ਦਾ ਦੌਰਾ ਕਰਦੇ ਹੋਏ ਗਰਭਵਤੀ ਮਹਿਲਾਵਾਂ ਅਤੇ ਨਵ ਜਨਮੇ ਬੱਚਿਆਂ ਦੀਆਂ ਮਾਵਾਂ ਦੀਆਂ ਦਵਾਈਆਂ ਅਤੇ ਖੁਰਾਕ ਸਬੰਧੀ ਵੀ ਗੱਲਬਾਤ ਕੀਤੀ।
ਇਸ ਦੌਰਾਨ ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਮਹਿੰਦਰਾ, ਡਾ. ਗਗਨਦੀਪ ਸਿੰਘ ਸਿੱਧੂ ਐਸ.ਐਮ.ਓ. ਤੋਂ ਇਲਾਵਾ ਹੋਰ ਸਟਾਫ ਵੀ ਮੌਜੂਦ ਸੀ।