
ਮੋਗਾ 5 ਅਗਸਤ, (ਮੁਨੀਸ਼ ਜਿੰਦਲ)
‘ਜ਼ਿਲ੍ਹਾ ਪੱਧਰੀ 15 ਅਗਸਤ ਆਜ਼ਾਦੀ ਦਿਵਸ ਸਮਾਗਮ ਅਨਾਜ ਮੰਡੀ ਮੋਗਾ ਵਿਖੇ ਪੂਰੇ ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ’। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਆਜ਼ਾਦੀ ਦਿਵਸ ਸਮਾਰੋਹ ਦੇ ਪ੍ਰਬੰਧਾਂ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਯੋਜਿਤ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਸਮੇਂ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਪੁਲਿਸ ਵਿਭਾਗ ਅਤੇ ਹੋਰ ਵੀ ਸਮੂਹ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਮੌਜੂਦ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਜ਼ਾਦੀ ਦਿਵਸ ਸਮਾਰੋਹ ਸਬੰਧੀ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਕੰਮਾਂ ਪ੍ਰਤੀ ਡਿਊਟੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ, ਤਾਂ ਜੋ ਇਸ ਰਾਸ਼ਟਰੀ ਸਮਾਰੋਹ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ‘ਤੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਅਤੇ ਪੀ.ਟੀ.ਸ਼ੋਅ ਪੇਸ਼ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ, ਪੰਜਾਬ ਹੋਮ ਗਾਰਡ ਵੱਲੋਂ ਮਾਰਚ ਪਾਸਟ ਰਾਹੀਂ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰਿਹਸਲਾਂ ਤੋਂ ਬਾਅਦ ਫੁੱਲ ਡਰੈਸ ਰਿਹਸਲ 13 ਅਗਸਤ ਨੂੰ ਹੋਵੇਗੀ।