19 ਜਨਵਰੀ ਨੂੰ ਆਨਲਾਈਨ ਮੋਡ ਨਾਲ ਹੋਵੇਗਾ ਇਹ ਮੁਕਾਬਲਾ : ਵਧੀਕ ਜ਼ਿਲ੍ਹਾ ਚੋਣ ਅਫ਼ਸਰ !





ਮੋਗਾ 17 ਜਨਵਰੀ (ਮੁਨੀਸ਼ ਜਿੰਦਲ) :
ਲੋਕਤੰਤਰ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਸੰਵਿਧਾਨਕ ਹੱਕ, ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ‘ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ‘ਪੰਜਾਬ ਇਲੈਕਸ਼ਨ ਕੁਇੱਜ਼ 2025’ ਤਹਿਤ ਆਨਲਾਈਨ ਮੁਕਾਬਲੇ 19 ਜਨਵਰੀ ਨੂੰ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਮੋਗਾ ਦੇ 7000 ਤੋਂ ਵਧੇਰੇ ਵੋਟਰਾਂ ਨੇ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕੀਤਾ ਹੈ। ਜਿਸ ਵਿੱਚ 3800 ਤੋਂ ਵਧੇਰੇ ਮਰਦ ਵੋਟਰ ਅਤੇ 3200 ਤੋਂ ਵਧੇਰੇ ਔਰਤ ਵੋਟਰ ਸ਼ਾਮਿਲ ਹਨ।




ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਚਾਰੂਮਿਤਾ ਨੇ ਦੱਸਿਆ ਕਿ ਆਨਲਾਈਨ ਇਲੈਕਸ਼ਨ ਕੁਇੱਜ਼ ਮੁਕਾਬਲੇ ਤੋਂ ਬਾਅਦ ਸੂਬਾ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਆਨਲਾਈਨ ਮੁਕਾਬਲੇ ਤਹਿਤ ਜ਼ਿਲ੍ਹਾ ਪੱਧਰ ’ਤੇ ਜੇਤੂਆਂ ਦੀ ਪਹਿਚਾਣ ਕੀਤੀ ਜਾਵੇਗੀ ਅਤੇ ਫਾਈਨਲ ਆਫ਼ਲਾਈਨ ਮੁਕਾਬਲਾ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਰਾਜ ਪੱਧਰੀ ਮੁਕਾਬਲਿਆਂ ਦੇ ਸੂਬਾ ਪੱਧਰ ‘ਤੇ ਜੇਤੂਆਂ ਨੂੰ ਪਹਿਲਾ ਇਨਾਮ, ਵਿੰਡੋਂ ਲੈਪਟਾਪ, ਦੂਜਾ ਇਨਾਮ, ਐਂਡਰੋਇਡ ਟੈਬਲੇਟ ਅਤੇ ਤੀਜਾ ਇਨਾਮ ਸਮਾਰਟ ਵਾਚ ਦੇ ਕੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਰਾਸ਼ਟਰੀ ਵੋਟਰ ਦਿਵਸ ਮੌਕੇ ਲੁਧਿਆਣਾ ਵਿਖੇ ਸਨਮਾਨਿਤ ਕੀਤਾ ਜਾਵੇਗਾ।




ਉਹਨਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰਗੰਲ ਦੇ ਹੁਕਮਾਂ ਤਹਿਤ ਇਹਨਾਂ ਮੁਕਾਬਲਿਆਂ ਪ੍ਰਤੀ ਵਿਦਿਆਰਥੀਆਂ ਅਤੇ ਹੋਰ ਹਰੇਕ ਵਰਗ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ ਸੀ। ਤਾਂ ਕਿ ਵੱਧ ਤੋਂ ਵੱਧ ਵੋਟਰ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਸੰਵਿਧਾਨ ਪ੍ਰਤੀ, ਆਪਣੀ ਵੋਟ ਪ੍ਰਤੀ ਅਤੇ ਲੋਕਤੰਤਰ ਪ੍ਰਣਾਲੀ ਤੋਂ ਜਾਣੂੰ ਹੋ ਸਕਣ। ADC ਚਾਰੂਮਿਤਾ ਨੇ ਦੱਸਿਆ ਕਿ ਆਮ ਲੋਕਾਂ ਨੂੰ ਵੋਟ ਦੇ ਅਧਿਕਾਰ ਅਤੇ ਲੋਕਤੰਤਰ ਪ੍ਰਤੀ ਜਾਗਰੂਕ ਕਰਨ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਵਿੱਚ ਮੋਗਾ ਦੇ ਵੋਟਰਾਂ ਨੇ ਦਿਲਚਸਪੀ ਦਿਖਾਈ ਹੈ। ਉਹਨਾਂ ਰਜਿਸਟਰਡ ਵੋਟਰਾਂ ਨੂੰ ਇਹਨਾਂ ਕੁਇੱਜ ਮੁਕਾਬਲਿਆਂ ਵਿੱਚੋਂ ਚੰਗੇ ਅੰਕ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।