




ਮੋਗਾ 21 ਜਨਵਰੀ (ਗਿਆਨ ਸਿੰਘ)
ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਕੰਪਿਊਟਰ ਅਧਿਆਪਕਾਂ ਦੀ ਹਮਾਇਤ ਵਿੱਚ 27 ਫਰਵਰੀ ਨੂੰ ਪੰਜਾਬ ਮੁਲਾਜਮ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਤੋਂ ਇੱਕ 51 ਪੈਨਸ਼ਨਰਾਂ ਦਾ ਜੱਥਾ ਬੱਸ ਰਾਹੀਂ ਸੰਗਰੂਰ ਪਹੁੰਚੇਗਾ। ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਜਿਲ੍ਹਾ ਮੋਗਾ ਦੇ ਪ੍ਰਧਾਨ ਸੁਖਮੰਦਰ ਸਿੰਘ, ਜਿਲ੍ਹਾ ਸਕੱਤਰ ਸਰਬਜੀਤ ਦਾਉਧਰ, ਸਬ ਡਵੀਜਨਾਂ ਦੇ ਪ੍ਰਧਾਨ ਸਕੱਤਰਾਂ ਬਿੱਕਰ ਸਿੰਘ ਮਾਛੀਕੇ, ਗੁਰਜੰਟ ਸਿੰਘ ਸੰਘਾ, ਜੋਰਾਵਰ ਸਿੰਘ ਬੱਧਨੀ ਕਲਾਂ, ਗੁਰਦੇਵ ਸਿੰਘ ਚੜਿੱਕ ਅਤੇ ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਜਾਣਕਾਰੀ ਦਿੱਤੀ। ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਦੇ ਫੈਸਲੇ ਨੂੰ ਲਾਗੂ ਕਰਨ ਲਈ ਪੰਜਾਬ ਦੇ ਪੈਨਸ਼ਨਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਸਿਵਲ ਸਰਵਿਸਜ ਨਿਯਮਾਂ ਅਨੁਸਾਰ ਤਨਖਾਹਾਂ ਭੱਤੇ ਦੇਣ ਦੀ ਮੰਗ ਦੀ ਹਮਾਇਤ ਵਿੱਚ ਸੰਗਰੂਰ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਨੂੰ ਇਨਸਾਫ਼ ਮਿਲ ਸਕੇ।




ਜਿਲ੍ਹਾ ਪ੍ਰੈਸ ਸਕੱਤਰ ਗਿਆਨ ਸਿੰਘ, ਸੇਵਾਮੁਕਤ ਡੀ.ਪੀ.ਆਰ.ਓ ਨੇ ਦੱਸਿਆ ਕਿ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਹੋ ਕੇ ਸੰਘਰਸ਼ਾਂ ਦੇ ਰਾਹ ਪਿਆ ਹੋਇਆ ਹੈ। ਪਰ ਮਾਨ ਸਰਕਾਰ ਦਾ ਰਵੱਈਆਂ ਮੁਲਾਜਮਾਂ/ ਪੈਨਸ਼ਨਰਾਂ ਦੇ ਜਖਮਾਂ ਤੇ ਲੂਣ ਛਿੜਕ ਰਿਹਾ ਹੈ ਅਤੇ ਹੱਕ ਮੰਗਦੇ ਲੋਕਾਂ ਨੂੰ ਅੱਥਰੂ ਗੈਸ, ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਨਿਵਾਜਿਆ ਜਾ ਰਿਹਾ ਹੈ। ਜਿਸ ਕਰਕੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਨੇ ਲੁਧਿਆਣਾ ਵਿਖੇ ਮੀਟਿੰਗ ਕਰਕੇ 30 ਜਨਵਰੀ ਨੂੰ ਜਿਲ੍ਹਾ ਪੱਧਰੀ ਮੀਟਿੰਗਾਂ ਕਰਨ, 8 ਫਰਵਰੀ ਤੋਂ 20 ਫਰਵਰੀ ਦੇ ਦੌਰਾਨ ਐਮ.ਐਲ.ਏਜ ਨੂੰ ਮੰਗ ਪੱਤਰ ਦੇਣ ਅਤੇ ਬੱਜਟ ਸੈਸ਼ਨ ਦੌਰਾਨ ਲਗਾਤਾਰ ਚਾਰ ਦਿਨ ਵੱਖੋ ਵੱਖਰੇ ਤਬਕਿਆਂ ਵੱਲੋਂ ਮੋਹਾਲੀ ਵਿਖੇ ਧਰਨਾ ਰੈਲੀ ਅਤੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ।




ਜਿਸ ਅਨੁਸਾਰ ਪਹਿਲੇ ਦਿਨ ਕੇਵਲ ਪੈਨਸ਼ਨਰਾਂ ਵੱਲੋਂ ਮਹਾਂ ਰੈਲੀ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਉਭਾਰਿਆ ਜਾਵੇਗਾ। ਦੂਸਰੇ, ਤੀਸਰੇ ਅਤੇ ਚੌਥੇ ਦਿਨ, ਦੂਜੇ ਤਬਕਿਆਂ ਦੀਆਂ ਭੱਖਦੀਆਂ ਮੰਗਾਂ ਤੇ ਧਰਨਾ ਰੈਲੀ ਅਤੇ ਮਾਰਚ ਕੀਤੇ ਜਾਣਗੇ। ਜਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਮੋਗਾ ਨੇ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝਾ ਫਰੰਟ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਨੇਪਰੇ ਚਾੜ੍ਹਣ ਅਤੇ ਜਿਲ੍ਹਾ ਪੱਧਰ ਤੇ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਨੂੰ 7 ਫਰਵਰੀ ਨੂੰ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ। ਗਿਆਰਾਂ ਗਿਆਰਾਂ ਪੈਨਸ਼ਨਰਾਂ ਵੱਲੋਂ ਭੁੱਖ ਹੜਤਾਲ ਰੱਖਣ, ਉਪਰੰਤ ਰੈਲੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣ ਅਤੇ ਮੋਹਾਲੀ ਗੁਰਦਵਾਰਾ ਅੰਬ ਸਾਹਿਬ ਨੇੜੇ ਕੀਤੀ ਜਾਣ ਵਾਲੀ ਰੈਲੀ ਦਾ ਨੋਟਿਸ ਪੰਜਾਬ ਸਰਕਾਰ ਨੂੰ ਡਿਪਟੀ ਕਮਿਸ਼ਨਰਾਂ ਰਾਹੀਂ ਭੇਜਣ। ਇਸ ਮੌਕੇ ਚਮਕੌਰ ਸਿੰਘ ਸਰਾਂ, ਨਾਇਬ ਸਿੰਘ, ਮਨਜੀਤ ਸਿੰਘ, ਬਲੌਰ ਸਿੰਘ, ਸੁਖਦੇਵ ਸਿੰਘ, ਅਮਰ ਜੀਤ ਮਾਣੂਕੇ, ਇੰਦਰ ਜੀਤ ਸਿੰਘ ਮੋਗਾ, ਪ੍ਰੀਤਮ ਸਿੰਘ ਕੈਂਥ, ਭੁਪਿੰਦਰ ਸਿੰਘ, ਸਮਸ਼ੇਰ ਸਿੰਘ, ਜੀਵਨ ਸਿੰਘ, ਕੇਹਰ ਸਿੰਘ, ਰਾਮ ਨਾਥ, ਮੇਹਰ ਸਿੰਘ ਆਦਿ ਆਗੂ ਹਾਜ਼ਰ ਸਨ।