
ਮੋਗਾ 25 ਜਨਵਰੀ (ਮੁਨੀਸ਼ ਜਿੰਦਲ)
ਸਿਖਿਆ ਦੇ ਖੇਤਰ ਵਿੱਚ ਜਿਲਾ ਮੋਗਾ ਦੀ ਮੋਹਰੀ ਅਤੇ ਨਾਮਵਰ ਸੰਸਥਾ, ਏਂਜਲ ਹਾਰਟ ਕਾਨਵੈਂਟ ਸਕੂਲ ਨੇ 76ਵਾਂ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ। ਸਕੂਲ ਵਿੱਚ, ਇਕ ਸਧਾਰਨ, ਲੇਕਿਨ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਨਾਇਆ ਗਿਆ ਇਹ ਦਿਹਾੜਾ, ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ, ਸਕੂਲ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਲਈ ਖੁਸ਼ੀ ਦਾ ਮੌਕਾ ਸੀ। ਵਿਦਿਆਰਥੀਆਂ ਨੇ ਤਿਰੰਗਾ ਲਹਿਰਾ ਕੇ ਆਪਣੇ ਦੇਸ਼ ਪ੍ਰਤੀ ਸੱਚੇ ਪਿਆਰ ਦਾ ਇਜ਼ਹਾਰ ਕੀਤਾ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ ਅਤੇ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ 76ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਦੇਸ਼ ਦੇ ਸੱਚੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।


ਸਕੂਲ ਦੇ ਵਿਦਿਆਰਥੀ, ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ। (ਫੋਟੋ: ਡੈਸਕ)
ਸਕੂਲ ਦੀ ਪ੍ਰਿੰਸੀਪਲ ਅੰਮ੍ਰਿਤਾ ਸਿੰਘ ਨੇ ਇਸ ਮੌਕੇ ਤੇ ਮੌਜੂਦ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸੰਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ਼ ਵਿੱਚ ਹਰ ਸਾਲ ਅਸੀਂ ਸਾਰੇ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੇ ਹਾਂ। ਦਰਅਸਲ, 1950 ਵਿੱਚ, ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇੰਜ ਤਾਂ 15 ਅਗਸਤ 1947 ਨੂੰ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਗਈ ਸੀ। ਲੇਕਿਨ ਤਿੰਨ ਸਾਲਾਂ ਬਾਅਦ, ਦੇਸ਼ ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ। ਭਾਵ, ਭਾਰਤ ਨੇ ਸਾਲ 1950 ਵਿੱਚ ਆਪਣਾ ਸੰਵਿਧਾਨ ਲਾਗੂ ਕੀਤਾ ਸੀ।

ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ ਨੇ ਆਵਦੇ ਸੰਬੋਧਨ ਵਿੱਚ, ਜਿੱਥੇ ਸਕੂਲੀ ਵਿਦਿਆਰਥੀਆਂ ਅਤੇ ਸਮੂਚੇ ਸਟਾਫ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ। ਓਥੇ ਉਹਨਾਂ ਦਸਿਆ ਕਿ ਇਸ ਵਾਰ ਦੇਸ਼ ਆਪਣਾ 76ਵਾਂ ਗਣਤੰਤਰ ਦਿਵਸ ਮਨਾਏਗਾ। ਹਰ ਸਾਲ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਜਧਾਨੀ ਦਿੱਲੀ ਦੇ ‘ਲਾਲ ਕਿਲੇ’ ਤੇ ਝੰਡਾ ਲਹਿਰਾਇਆ ਜਾਂਦਾ ਹੈ। ਅਤੇ ਇਸੇ ਦਿਨ, 26 ਜਨਵਰੀ 1950 ਵਿੱਚ, ਭਾਰਤ ਵੱਲੋਂ ਆਵਦਾ ਸੰਵਿਧਾਨ ਲਾਗੂ ਕਰਨ ਨਾਲ, ਭਾਰਤ ਨੂੰ, ਬ੍ਰਿਟਿਸ਼ ਰਾਜ ਤੋਂ ਵੀ ਪੂਰਨ ਆਜ਼ਾਦੀ ਮਿਲੀ ਸੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਡਾ: ਅਸ਼ੋਕ ਸ਼ਰਮਾ, ਚੇਅਰਮੈਨ ਐਡਵੋਕੇਟ ਕਰਨ ਸ਼ਰਮਾ, ਮੈਨੇਜਰ ਡਾ: ਸੰਜੀਵ ਸ਼ਰਮਾ, ਪ੍ਰਿੰਸੀਪਲ ਅੰਮ੍ਰਿਤਾ ਸਿੰਘ, ਸਕੂਲੀ ਅਧਿਆਪਕਾਂ ਸਣੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਿਲ ਸਨ।

