

ਬਾਘਾਪੁਰਾਣਾ (ਮੁਨੀਸ਼ ਜਿੰਦਲ/ ਰਿੱਕੀ ਆਨੰਦ)
ਕਿਰਤੀ ਕਿਸਾਨ ਯੂਨੀਅਨ, ਬਲਾਕ ਬਾਘਾਪੁਰਾਣਾ ਦੇ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ ਵਲੋਂ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜੋ ਪੰਜਾਬ ਵਿੱਚ ਵਾਪਰ ਰਿਹਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜੋ ਵਰਤਾਰਾ ਵਰਤਾਰਿਆ ਜਾ ਰਿਹਾ ਹੈ, ਉਹ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਤੇ ਦੱਬੇ ਕੁਚਲੇ ਲੋਕਾਂ, ਤੇ ਇਨਸਾਫ਼ ਪਸੰਦ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ, ਇਹ ਸਬ ਕੁਝ ਵਾਪਰ ਰਿਹਾ ਹੈ। ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮਾਂ ਨੂੰ ਲੀਹੋਂ ਲਾਹੁਣਾ, ਖਨੌਰੀ ਸੰਭੂ ਮੋਰਚੇ ਨੂੰ ਉਖੇੜਨਾਂ, ਤੇ ਕਿਸਾਨ ਆਗੂਆਂ ਨੂੰ ਗਿਰਫ਼ਤਾਰ ਕਰਨਾ, ਕਿਸਾਨਾਂ ਤੇ ਅਧਿਆਪਕਾਂ ਉੱਪਰ ਲਾਠੀਚਾਰਜ ਕਰਨਾ, ਕਰਨਲ ਬਾਠ ਤੇ ਉਸਦੇ ਪਰਿਵਾਰ ਨਾਲ ਗੁੰਡਾਗਰਦੀ ਤਹਿਤ ਤੰਗ ਕਰਨਾ, ਨੌਜਵਾਨਾਂ ਦੇ ਐਨਕਾਉਂਟਰ ਦੇ ਨਾਮ ਹੇਠ ਗੋਲੀਆਂ ਮਾਰਨੀਆਂ, ਨਸ਼ੇ ਰੋਕਣ ਲਈ ਮਾੜੇ ਮੋਟੇ ਗਰੀਬ ਘਰਾਂ ਤੇ ਪੀਲਾ ਪੰਜਾ ਚਲਾਉਣਾ, ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਾ ਪਾਉਣਾ, ਪੁਲਿਸ ਦੀ ਸਪਾਟਣ ਤੇ ਪੁਲਿਸ ਮੁਲਾਜ਼ਮ ਕੋਲੋਂ ਚਿੱਟਾ ਫੜਿਆ ਜਾਣਾ ਤੇ ਉਹਨਾਂ ਦੇ ਘਰਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਚਾਉਕੇ ਪਿੰਡ ਵਿੱਚ ਅਧਿਆਪਕਾਂ ਤੇ ਮਾਪਿਆਂ ਵਲੋਂ ਸਕੂਲ ਮੈਨੇਜਮੈਂਟ ਦੇ ਖਿਲਾਫ ਧਰਨਾ ਲਗਾਇਆ ਗਿਆ, ਜਿਸ ਵਿੱਚ ਬੀਕੇਯੂ ਉਗਰਾਹਾਂ ਜੱਥੇਬੰਦੀ ਵੱਲੋਂ ਧਰਨੇ ਦੀ ਹਮਾਇਤ ਕਰਨੀ, ਤੇ ਪੁਲਿਸ ਪ੍ਰਸ਼ਾਸਨ ਵਲੋਂ ਕਿਸਾਨਾਂ ਉੱਪਰ ਲਾਠੀਚਾਰਜ ਕਰਨਾ, ਉਗਰਾਹਾਂ ਜੱਥੇਬੰਦੀ ਦੀ ਸੂਬਾ ਆਗੂ ਬਿੰਦੂ ਨੂੰ ਚਪੇੜਾਂ ਨਾਲ ਕੁੱਟਣਾ, ਬਜ਼ੁਰਗ ਔਰਤਾਂ ਤੇ ਛੋਟੀ ਬੱਚੀ ਨੂੰ ਜੇਲ੍ਹ ਵਿੱਚ ਬੰਦ ਕਰਨਾ ਤੇ ਪੁਲਿਸ ਮੁਲਾਜ਼ਮਾਂ ਵਲੋਂ ਘਟੀਆ ਸ਼ਬਦਾਵਲੀ ਦਾ ਪ੍ਰਯੋਗ ਕਰਨਾ, ਤੇ ਹੁਣੇ ਜਿਹੇ ਵਾਪਰੀ ਕੋਟਕਪੂਰਾ ਵਿਖੇ ਗਰੀਬ ਝੁੱਗੀਆਂ ਵਾਲਿਆਂ ਦੀਆਂ ਝੁੱਗੀਆਂ ਤਹਿਸ ਨਹਿਸ ਕਰਨੀਆਂ, ਦੂਸਰੇ ਪਾਸੇ ਬਣੇ ਵੱਡੇ ਧਨਾਢ ਵਿਆਕਤੀਆਂ ਦੇ ਹੋਟਲ, ਜਿੱਥੇ ਸ਼ਰੇਆਮ ਗ਼ਲਤ ਕੰਮ ਹੁੰਦੇ ਹਨ, ਉਹਨਾਂ ਉੱਪਰ ਕੋਈ ਕਾਰਵਾਈ ਨਾ ਕਰਨਾ, ਇਹ ਸਾਰਾ ਕੁੱਝ ਇੱਕ ਜ਼ਬਰ ਜ਼ੁਲਮ ਹੈ। ਜਿਸਦੀ ਇੰਤਿਹਾ ਹੋ ਚੁੱਕੀ ਹੈ। ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਇਸੇ ਜ਼ਬਰ ਜ਼ੁਲਮ ਦੇ ਵਿਰੋਧ ਵਿੱਚ 12 ਅਪ੍ਰੈਲ ਨੂੰ ਬਾਘਾਪੁਰਾਣਾ ਵਿਖੇ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਤੇ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਵੱਲੋਂ ਸ਼ਾਮ 4 ਵਜੇ ਇਕ ਜਬਰ ਵਿਰੋਧੀ ਮੁਜਾਹਰਾ ਕੀਤਾ ਜਾਵੇਗਾ। ਜਿਹੜਾ ਕਿ ਬਾਘਾਪੁਰਾਣਾ ਦੇ ਬੱਸ ਸਟੈਂਡ ਵਿਖੇ ਇਕੱਠੇ ਹੋਣ ਉਪਰੰਤ ਜ਼ਬਰ ਦੇ ਵਿਰੋਧ ਵਿੱਚ ਬੱਸ ਸਟੈਂਡ ਤੋਂ ਮੰਡੀ ਵਿੱਚ ਦੀ ਨਿਹਾਲ ਸਿੰਘ ਵਾਲਾ ਰੋਡ ਤੋਂ ਕਾਲੇਕੇ ਚੌਕ ਤੋਂ ਮੇਨ ਬਾਜ਼ਾਰ ਵਿੱਚ ਦੀ ਮੇਨ ਚੌਕ ਵਿੱਚ ਦੀ ਹੁੰਦਾ ਹੋਇਆ ਬੱਸ ਸਟੈਂਡ ਵਿਖੇ ਸਮਾਪਤ ਹੋਵੇਗਾ। ਉਹਨਾਂ ਵੱਧ ਤੋਂ ਵੱਧ ਲੋਕਾਂ ਨੂੰ, ਇਸ ਜ਼ਬਰ ਵਿਰੋਧੀ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।