

ਮੋਗਾ, 8 ਮਈ (ਮੁਨੀਸ਼ ਜਿੰਦਲ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸ ਪੱਖੀ ਸੋਚ ਸਦਕਾ ਅਤੇ ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਦੇ ਯਤਨਾਂ ਨਾਲ ਪਿੰਡ ਘੱਲ ਕਲਾਂ ਵਿਖੇ, ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਮੋਗਾ ਨਹਿਰ ਉਪ ਮੰਡਲ ਦਫਤਰ ਅਧੀਨ ਪੈਂਦੀ ਡਰੋਲੀ ਮਾਈਨਰ ਦੇ ਮੋਘੇ 9615/ ਆਰ, 9750/ ਐਲ, 13290/ ਆਰ ਦੇ ਖਾਲਿਆਂ ਨੂੰ 9 ਇੰਚੀ ਨਵਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਕਰਵਾਈ ਗਈ।

ਵਿਧਾਇਕ ਅਮਨਦੀਪ, ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ।

ਇਸ ਮੌਕੇ ਤੇ ਮੌਜੂਦ, ਵੱਖ ਵੱਖ ਪਿੰਡਾਂ ਦੇ ਪਤਵੰਤੇ।
ਇਸ ਮੌਕੇ ਤੇ ਵਿਧਾਇਕ ਅਮਨਦੀਪ ਨੇ ਕਿਹਾ ਕਿ ਇਹ ਖਾਲੇ ਤਕਰੀਬਨ 40 ਸਾਲ ਪਹਿਲਾਂ ਬਣੇ ਸਨ ਅਤੇ ਹੁਣ ਬਿਲਕੁਲ ਟੁੱਟ ਭੱਜ ਗਏ ਸਨ। ਜਿਸ ਕਾਰਨ ਇਹਨਾਂ ਨੂੰ ਨਵਾਂ ਬਣਾਇਆ ਜਾ ਰਿਹਾ ਹੈ, ਤਾਂ ਜੋ ਇਹਨਾਂ ਮੋਘਿਆਂ ਦੇ ਸਾਰੇ ਹਿੱਸੇਦਾਰਾਂ ਨੂੰ ਪਾਣੀ ਪਹੁੰਚਦਾ ਕੀਤਾ ਜਾ ਸਕੇ ਅਤੇ ਜਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ। ਇਹਨਾਂ ਮੋਘਿਆਂ ਤੋਂ ਤਕਰੀਬਨ 850 ਏਕੜ ਰਕਬੇ ਨੂੰ ਫਾਇਦਾ ਹੋਵੇਗਾ। ਇਹਨਾਂ ਖਾਲਾਂ ਦੀ ਕੁੱਲ ਲੰਬਾਈ ਤਕਰੀਬਨ 45000 ਫੁੱਟ (13.71 ਕਿਲੋਮੀਟਰ) ਅਤੇ ਬਣਾਉਣ ਤੇ ਕੁੱਲ 3.21 ਕਰੋੜ ਰੁਪਏ ਖਰਚਾ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੱਧ ਤੋਂ ਵੱਧ ਗ੍ਰਾਂਟਾਂ ਜਾਰੀ ਕਰਕੇ ਵਿਕਾਸ ਕਾਰਜ ਕਰਵਾ ਰਹੀ ਹੈ, ਜੋ ਕਿ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ, ਉਨ੍ਹਾਂ ਦਾ ਮੁੱਖ ਮੰਤਵ ਮੋਗਾ ਸ਼ਹਿਰ ਅਤੇ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ, ਤਾਂ ਇਹ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂ ਜੋ, ਉਸਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾ ਸਕੇ। ਇਸ ਮੌਕੇ ਪਿੰਡ ਡਰੋਲੀ ਭਾਈ ਮਾਈਨਰ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਅਤੇ ਇਲਾਕੇ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਸਰਪੰਚ, ਪੰਚ, ਅੋਹਦੇਦਾਰ ‘ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਵਰਕਰ ਮੌਜੂਦ ਸਨ।

