
ਮੋਗਾ 20 ਅਗਸਤ, (ਮੁਨੀਸ਼ ਜਿੰਦਲ/ ਅਸ਼ੋਕ ਮੌਰੀਆ)
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਜੱਥੇਬੰਦੀ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੀ ਹਾਜ਼ਰ ਹੋਏ। ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈਸ ਨੂੰ ਪ੍ਰੈਸ ਨੋਟ ਜਰੀਏ ਜਾਣਕਾਰੀ ਦਿੰਦਿਆਂ ਆਖਿਆ ਕਿ ਅੱਜ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਅਹਿਮ ਮਸਲਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਬੈਨਰ ਹੇਠ ਪੰਜਾਬ ਸਰਕਾਰ ਤੋਂ ਲੈਂਡ ਪੂਲਿੰਗ ਪਾਲਸੀ ਨੂੰ ਮੁੱਢੋਂ ਹੀ ਰੱਦ ਕਰਵਾਉਣ ਲਈ ਜਿੱਤੇ ਗਏ ਘੋਲ ਕਰਕੇ 24 ਅਗਸਤ ਨੂੰ ਸਮਰਾਲਾ ਦੀ ਅਨਾਜ ਮੰਡੀ ਵਿਖੇ ਕੀਤੀ ਜਾ ਰਹੀ ਜੇਤੂ ਰੈਲੀ ਵਿੱਚ ਜੱਥੇਬੰਦੀ ਦੇ ਕਾਰਕੁਨਾਂ ਨੂੰ ਸ਼ਮੂਲੀਅਤ ਕਰਵਾਉਣ ਲਈ ਵਿਚਾਰ ਚਰਚਾ ਦੇ ਸਬੰਧ ਵਿੱਚ ਕੀਤੀ ਗਈ ਹੈ।
ਆਗੂਆਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ, ਅਤੇ ਪੰਜਾਬ ਨੂੰ ਅਰਬਨ ਸਟੇਟ ਬਣਾਉਣ ਲਈ ਲੈਂਡ ਪੂਲਿੰਗ ਪਾਲਸੀ ਲਿਆਂਦੀ ਗਈ ਸੀ, ਜੋ ਕਿ ਸਿੱਧੇ ਤੌਰ ਤੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਹੜੱਪਣ ਦੀ ਨੀਤੀ ਸੀ, ਜਿਸ ਦਾ ਸੰਯੁਕਤ ਕਿਸਾਨ ਮੋਰਚੇ ਵਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ। ਜਿਸਦੇ ਵਿਰੋਧ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਵੀ ਕੀਤੇ ਗਏ, ਅਤੇ 24 ਅਗਸਤ ਨੂੰ ਸਮਰਾਲਾ ਵਿਖੇ ਵੱਡੀ ਕਿਸਾਨ ਮਹਾਂਪੰਚਾਇਤ ਤੇ ਰੈਲੀ ਤੈਅ ਕੀਤੀ ਗਈ, ਤੇ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ ਵੱਡਾ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਗਈ। ਲੇਕਿਨ ਸੰਯੁਕਤ ਕਿਸਾਨ ਮੋਰਚੇ ਤੇ ਲੋਕ ਵਿਦਰੋਹ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਘੁੱਟਣੇ ਟੇਕਣ ਲਈ ਮਜ਼ਬੂਰ ਕਰ ਦਿੱਤਾ, ਤੇ ਪੰਜਾਬ ਸਰਕਾਰ ਨੇ ਇਹ ਪਾਲਿਸੀ ਵਾਪਸ ਲੈਣ ਦਾ ਐਲਾਨ ਕੀਤਾ, ਐਲਾਨ ਤੋਂ ਬਾਅਦ ਸੰਯੁਕਤ ਮੋਰਚੇ ਨੇ ਇਸ ਪਾਲਿਸੀ ਨੂੰ ਪੰਜਾਬ ਦੀ ਕੈਬਨਿਟ ਵਿੱਚ ਮੁੱਢੋਂ ਹੀ ਰੱਦ ਕਰਵਾਉਣ ਲਈ ਸਰਕਾਰ ਉੱਪਰ ਦਬਾਅ ਪਾਇਆ ਤਾਂ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕੀਤਾ, ਜਿਸ ਤੇ ਇਹ ਸੰਯੁਕਤ ਮੋਰਚੇ ਦੀ ਵੱਡੀ ਜਿੱਤ ਸਾਬਿਤ ਹੋਈ ਹੈ। ਇਸ ਲਈ 24 ਅਗਸਤ ਨੂੰ ਸਮਰਾਲਾ ਵਿਖੇ ਵੱਡੀ ਪੱਧਰ ਤੇ ਜੇਤੂ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਤੋਂ ਵੱਡੀ ਗਿਣਤੀ ਵਿੱਚ ਜੱਥੇਬੰਦੀ ਦੇ ਜੱਥੇ ਸ਼ਮੂਲੀਅਤ ਕਰਨਗੇ। ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਇਹ ਰੈਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਵਲੋਂ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਲੜੇ ਗਏ ਘੋਲ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ SKM ਦੀ ਚਿਤਾਵਨੀ ਖਿਲਾਫ ਨੋਟੀਫਿਕੇਸ਼ਨ ਰੱਦ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਤੂ ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮੇਂ ਸਿਰ ਵਿੱਢੇ ਅੰਦੋਲਨ ਸਮੇਤ ਪੰਜਾਬ ਦੇ ਪਾਣੀਆਂ ਦਾ ਮਸਲਾ, ਹੜ੍ਹ ਪੀੜਤ ਕਿਸਾਨਾਂ ਦੀਆਂ ਤਕਲੀਫਾਂ ਅਤੇ ਮੁਕਤ ਵਪਾਰ ਸਮਝੌਤੇ ਦੇ ਮਸਲਿਆਂ ਨੂੰ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਤੇ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇਵਾਲਾ ਨੇ ਸੰਯੁਕਤ ਮੋਰਚੇ ਵਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ 21 ਅਗਸਤ ਤੱਕ ਪੰਜਾਬ ਦੇ ਗੰਨਾਂ ਕਾਸ਼ਤਕਾਰਾਂ ਦੇ ਬਕਾਏ ਜੇਕਰ ਜਾਰੀ ਨਹੀਂ ਕੀਤੇ ਜਾਂਦੇ ਤਾਂ ਮੋਰਚੇ ਵਲੋਂ 24 ਅਗਸਤ ਦੀ ਜੇਤੂ ਰੈਲੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੋਰਚੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਮਰਾਲਾ ਰੈਲੀ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਜ਼ਿਲ੍ਹਿਆਂ ਤੋਂ ਕਿਸਾਨ, ਮਜ਼ਦੂਰ ਪਹੁੰਚ ਰਹੇ ਹਨ, ਇਸੇ ਤਰ੍ਹਾਂ ਜ਼ਿਲ੍ਹਾ ਮੋਗਾ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ, ਵੱਡੀ ਗਿਣਤੀ ਵਿੱਚ ਸਮਰਾਲਾ ਜੇਤੂ ਰੈਲੀ ਵਿੱਚ ਪਹੁੰਚ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ। ਆਗੂਆਂ ਬੇਅੰਤ ਸਿੰਘ ਮੱਲੇਆਣਾ, ਤੀਰਥਵਿੰਦਰ ਸਿੰਘ ਘੱਲ, ਗੁਰਪ੍ਰੀਤ ਭੈਣੀ ਨੇ ਡੀਏਪੀ ਖ਼ਾਦ ਦੀ ਕਿੱਲਤ ਅਤੇ ਕਾਲਾ ਬਾਜ਼ਾਰੀ ਦੇ ਸਬੰਧ ਵਿੱਚ ਆਖਿਆ ਕਿ ਜੋ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਗੱਲ ਕਰਦੀ ਹੈ, ਉਹ ਸਭ ਝੂਠ ਦੇ ਪੁਲੰਦੇ ਹਨ, ਉਹਨਾਂ ਕਿਹਾ ਕਿ ਬਜ਼ਾਰ ਵਿੱਚ ਡੀਏਪੀ ਖ਼ਾਦ, ਯੂਰੀਆ ਖਾਦ ਦੀ ਵੱਡੀ ਪੱਧਰ ਤੇ ਕਾਲ਼ਾ ਬਜ਼ਾਰੀ ਚੱਲ ਰਹੀ ਹੈ, ਕਿਸਾਨਾਂ ਨੂੰ ਬਜ਼ਾਰ ਵਿੱਚ ਪ੍ਰਾਈਵੇਟ ਅਦਾਰਿਆਂ ਤੋਂ ਅਤੇ ਸੁਸਾਇਟੀਆਂ ਵਿੱਚੋਂ ਖ਼ਾਦ ਦੇ ਨਾਲ ਨੈਨੋ ਯੂਰੀਆ, ਨੈਨੋ ਡੀਏਪੀ ਦੇ ਲੀਕਡ ਅਤੇ ਹੋਰ ਬਹੁਤ ਤਰਾਂ ਦੀਆਂ ਦਵਾਈਆਂ, ਪਾਊਡਰ ਵਗੈਰਾ ਦਿੱਤੇ ਜਾ ਰਹੇ ਹਨ, ਜੋ ਕਿ ਸਰਾਸਰ ਗ਼ਲਤ ਅਤੇ ਕਿਸਾਨਾਂ ਨਾਲ ਧੱਕੇਸ਼ਾਹੀ ਤੇ ਲੁੱਟ ਕੀਤੀ ਜਾ ਰਹੀ ਹੈ। ਜਿਸ ਨੂੰ ਲੈਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਮੋਗਾ ਦੇ ਡੀ ਆਰ ਨੂੰ ਮਿਲਿਆ ਜਾਵੇਗਾ ਤੇ ਇਹ ਲੁੱਟ ਅਤੇ ਕਾਲਾਬਾਜ਼ਾਰੀ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਜੇਕਰ ਪ੍ਰਸ਼ਾਸਨ ਨੇ ਪ੍ਰਾਈਵੇਟ ਅਦਾਰਿਆਂ ਉੱਪਰ ਨਕੇਲ ਨਾ ਪਾਈ ਤਾਂ, ਜਾਂ ਕੋਆਪ੍ਰਟਿਵ ਸੁਸਾਇਟੀਆਂ ਵਿੱਚ ਖ਼ਾਦ ਉਪਲੱਬਧ ਨਾ ਕਰਵਾਈ ਗਈ ਤਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀਏਪੀ ਤੇ ਯੂਰੀਆ ਖਾਦ ਤੇ ਜ਼ਲਦ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਮੀਟਿੰਗ ਵਿੱਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਜ਼ਿਲ੍ਹਾ ਮੀਤ ਪ੍ਰਧਾਨ ਜਸਪਾਲ ਸਿੰਘ ਪੁਰਾਣੇਵਾਲਾ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇਖੁਰਦ, ਸਾਰਜ ਸਿੰਘ ਪੰਡੋਰੀ, ਯੂਥ ਆਗੂ ਬੇਅੰਤ ਸਿੰਘ ਮੱਲੇਆਣਾ, ਤੀਰਥਵਿੰਦਰ ਸਿੰਘ ਘੱਲ ਕਲਾਂ, ਗੁਰਪ੍ਰੀਤ ਸਿੰਘ ਭੈਣੀ, ਬੂਟਾ ਸਿੰਘ ਤਖਾਣਵੱਧ, ਮੋਹਨ ਸਿੰਘ ਡਾਲਾ, ਅਜਮੇਰ ਸਿੰਘ ਛੋਟਾਘਰ ਆਦਿ ਕਿਸਾਨ ਆਗੂ ਹਾਜ਼ਰ ਹੋਏ।