



ਮੋਗਾ 22 ਜਨਵਰੀ (ਮੁਨੀਸ਼ ਜਿੰਦਲ)
ਬੁਧਵਾਰ ਨੂੰ ਮੋਗਾ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਭਰਮੀ ਮੀਟਿੰਗ ਹੋਈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬੀਕੇਯੂ ਪੰਜਾਬ, ਬੀਕੇਯੂ ਤੋਤੇ ਵਾਲਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਆਦਿ ਜਥੇਬੰਦੀਆਂ ਹਾਜ਼ਰ ਹੋਈਆਂ।



ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਸੂਰਤ ਸਿੰਘ, ਕੁਲ ਹਿੰਦ ਕਿਸਾਨ ਸਭਾ ਨੇ ਕੀਤੀ। ਮੀਟਿੰਗ ਦੌਰਾਨ ਸਮੁੱਚੀ ਸੰਯੁਕਤ ਕਿਸਾਨ ਮੋਰਚਾ ਲੀਡਰਸ਼ਿਪ ਨੇ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਜਪਾ ਵਰਕਰਾਂ ਵੱਲੋਂ ਕੀਤੀ ਹੁੱਲੜਬਾਜ਼ੀ ਨੂੰ ਆਧਾਰ ਬਣਾ ਕੇ ਜੋ ਪੰਜਾਬ ਦੇ ਕਿਸਾਨਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਹਨ, ਉਨਾਂ ਦੀ ਐਸ.ਕੇ.ਐਮ ਨੇ ਕਰੜੇ ਸ਼ਬਦਾਂ ਵਿੱਚ ਨਿਖੇਦੀ ਕੀਤੀ। ਇਸਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਵੱਲੋਂ, ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਪਿੰਡ ਚਿਓਦ ਵਿਖੇ ਕਿਸਾਨਾਂ ਉੱਪਰ ਕੀਤੇ ਗਏ ਅੰਨ੍ਹੇ ਤਸ਼ੱਦਦ ਦੀ ਵੀ ਕਰੜੇ ਸ਼ਬਦਾਂ ਨਾਲ ਨਿਖੇਦੀ ਕੀਤੀ। ਇਸਤੋਂ ਇਲਾਵਾ ਆਗੂਆਂ ਨੇ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ੇੜੀਆਂ ਵੱਲੋਂ ਕੀਤੇ ਗਏ ਕਾਰੇ ਦਾ ਵਿਰੋਧ ਕੀਤਾ ਤੇ ਘਰ ਸਾੜਨ ਵਾਲੇ ਸਰਪੰਚ ਤੇ ਉਸ ਦੇ ਸਾਥੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।



ਇਸ ਮੌਕੇ ਤੇ ਸਮੂਹ ਯੂਨੀਅਨ ਦੇ ਆਗੂਆਂ ਨੇ ਇਹ ਫੈਂਸਲਾ ਲਿਆ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੀ ਕਾਲ ਤੇ 26 ਜਨਵਰੀ, ਗਣਤੰਤਰ ਦਿਵਸ ਤੇ ਜੋ ਟਰੈਕਟਰ ਮਾਰਚ ਕੀਤੇ ਜਾਣੇ ਹਨ, ਉਹ ਅਲੱਗ ਅਲੱਗ ਬਲਾਕਾਂ ਤੇ ਤਹਿਸੀਲਾਂ ਤੇ ਪਿੰਡ ਪਧਰੀ ਜੀਟੀ ਰੋਡਾਂ ਉੱਪਰ ਮਾਰਚ ਓਥੇ ਕੀਤੇ ਜਾਣਗੇ, ਜਿੱਥੇ ਸੰਯੁਕਤ ਕਿਸਾਨ ਮੋਰਚਾ ਆਗੂਆਂ ਨੇ ਪੁਆਇੰਟ ਮੁਕਰਰ ਕੀਤੇ ਹਨ। ਇਸ ਟਰੈਕਟਰ ਪਰੇਡ ਨਾਲ ਘਰ ਘਰ ਸੁਨੇਹਾ ਪਹੁੰਚੇਗਾ ਕਿ ਕੇਂਦਰ ਤੇ ਰਾਜਾਂ ਦੀਆਂ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਹਨ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਨਹੀਂ ਮੰਨ ਰਹੀਆਂ। ਆਗੂਆਂ ਨੇ ਕਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਜੋ ਸਾਨੂੰ ਦਿਸ਼ਾ ਨਿਰਦੇਸ਼ ਦੇਵੇਗਾ, ਉਸ ਦੇ ਹਿਸਾਬ ਨਾਲ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।



ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲੌਰ ਸਿੰਘ ਘਲ ਕਲਾਂ ਉਗਰਾਹਾਂ, ਗੁਰਮੇਲ ਸਿੰਘ, ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਪ੍ਰਧਾਨ ਮੇਜਰ ਸਿੰਘ ਘੋਲੀਆ, ਗੁਰਮੀਤ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਬ੍ਰਹਮਕੇ, ਹਰਦਿਆਲ ਸਿੰਘ ਘਾਲੀ, ਹਰਮਿੰਦਰ ਸਿੰਘ ਕੋਟਲਾ, ਮੁਕੰਦ ਕਮਲ ਬਾਘਾ ਪੁਰਾਣਾ, ਲਖਬੀਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਪ੍ਰਧਾਨ ਪਿਛੌਰਾ ਸਿੰਘ, ਹਰਬੰਸ ਸਿੰਘ, ਕਾਰਜ ਸਿੰਘ, ਪ੍ਰਧਾਨ ਨਿਰਮਲ ਸਿੰਘ, ਬਸੰਤ ਸਿੰਘ, ਗੁਰਬੀਰ ਸਿੰਘ ਸੈਕਟਰੀ, ਕਰਮ ਸਿੰਘ ਮੀਤ ਪ੍ਰਧਾਨ, ਮੁਖਤਿਆਰ ਸਿੰਘ ਪ੍ਰਧਾਨ, ਨਛੱਤਰ ਸਿੰਘ ਢਿੱਲੋ ਪ੍ਰਧਾਨ, ਸੰਦੀਪ ਸਿੰਘ ਸਮਾਧ ਭਾਈ, ਜੱਗਸੀਰ ਸਿੰਘ ਸਮਾਧ ਭਾਈ, ਸੂਬਾ ਆਗੂ ਗੁਲਜਾਰ ਸਿੰਘ ਘੱਲ, ਪ੍ਰਧਾਨ ਜਸਵੰਤ ਸਿੰਘ ਪੰਡੋਰੀ, ਰਵਿੰਦਰ ਸਿੰਘ, ਗੁਰਮੇਲ ਸਿੰਘ ਡਰੋਲੀ, ਹਰਵਿੰਦਰ ਸਿੰਘ ਬਾਘਾਪੁਰਾਣਾ, ਮੇਜਰ ਸਿੰਘ ਬਾਘਾਪੁਰਾਣਾ, ਜੱਗੀ ਬਾਘਾਪੁਰਾਣਾ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ ਆਦਿ ਹਾਜ਼ਰ ਸਨ।