
ਮੋਗਾ 18 ਮਾਰਚ (ਮੁਨੀਸ਼ ਜਿੰਦਲ)
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੀਤ ਪ੍ਰਧਾਨ ਭੁਪਿੰਦਰ ਸਿੰਘ ਮਹੇਸ਼ਰੀ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਨੇ ਕਿਹਾ ਹੈ ਕਿ ਜੋ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਤਹਿਸੀਲਦਾਰਾਂ ਦੇ ਵਿੱਚ ਆਪਸ ਵਿੱਚ ਖਿੱਚੋਤਾਣ ਚੱਲ ਰਹੀ ਹੈ। ਇਸ ਖਿੱਚੋ ਤਾਣ ਦੇ ਤਹਿਤ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੀਆਂ ਅਲੱਗ ਅਲੱਗ ਬਦਲੀਆਂ ਕੀਤੀਆਂ ਹਨ ਅਤੇ ਚਾਰਜ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਹਨ। ਇਸ ਤਹਿਤ ਮਾਨਯੋਗ ਡਿਪਟੀ ਕਮਿਸ਼ਨਰਾਂ ਕੋਲ ਜ਼ਿਲ੍ਹੇ ਦੇ ਹੋਰ ਬਹੁਤ ਕੰਮ ਆਉਂਦੇ ਹਨ। ਇਸ ਕਾਰਨ ਆਮ ਲੋਕਾਂ ਦੇ ਰਜਿਸਟਰੀਆਂ ਤੇ ਇੰਤਕਾਲਾਂ ਦੇ ਕੰਮ ਬਹੁਤ ਰੁਕੇ ਪਏ ਹਨ। ਜਿਸ ਨਾਲ ਲੋਕ ਖੱਜਲ ਖਵਾਰ ਹੋ ਰਹੇ ਹਨ। ਅਸੀਂ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਤਹਿਸੀਲਦਾਰਾਂ ਵਾਲਾ ਇਹ ਰੇੜਕਾ ਖਤਮ ਕਰਕੇ ਰਜਿਸਟਰੀਆਂ ਤੇ ਇੰਤਕਾਲਾਂ ਦੇ ਕੰਮ ਸੁਚਾਰੂ ਢੰਗ ਨਾਲ ਰੈਗੂਲਰ ਸ਼ੁਰੂ ਕੀਤੇ ਜਾਣ ਤਾਂ ਲੋਕਾਂ ਨੂੰ ਰਾਹਤ ਮਿਲ ਸਕੇ, ਕਿਉਂਕਿ ਅੱਜ ਕੱਲ ਕਿਸੇ ਵਿਅਕਤੀ ਕੋਲ ਇਨਾ ਟਾਈਮ ਨਹੀਂ ਕਿ ਉਹ ਵਾਰ ਵਾਰ ਕਚਹਿਰੀਆਂ ਦੇ ਗੇੜੇ ਮਾਰਦਾ ਰਹੇ।