
ਮੋਗਾ 29 ਮਾਰਚ (ਮੁਨੀਸ਼ ਜਿੰਦਲ)
ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਪ੍ਰਧਾਨ ਮਨਦੀਪ ਕੌਰ ਦੀਦਾਰੇਵਾਲਾ ਨੇ ਨਿਰਾਸ਼ਾ ਭਰੇ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਭਰ ਦੀਆਂ ਆਸ਼ਾ ਵਰਕਰ, ਪੰਜਾਬ ਸਰਕਾਰ ਦੇ ਬਜ਼ਟ ਤੋਂ ਬਹੁਤ ਉਮੀਦਾਂ ਲਾਈਂ ਬੈਠੀਆਂ ਸਨ। ਪਰੰਤੂ ਅਫਸੋਸ ਹੋਇਆ ਕਿ ਪੰਜਾਬ ਸਰਕਾਰ ਨੇ ਚੌਥਾ ਬਜ਼ਟ ਪੇਸ਼ ਕੀਤਾ, ਪਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਨੂੰ ਬਜਟ ਵਿੱਚ ਕੁੱਝ ਵੀ ਨਹੀਂ ਦਿੱਤਾ। ਜਦਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਮਾਣ ਭੱਤੇ ਡਬਲ ਕੀਤੇ ਜਾਣਗੇ। ਇਸ ਬਜਟ ਤੋਂ ਬਾਅਦ ਪੰਜਾਬ ਭਰ ਦੀਆਂ ਵਰਕਰਾਂ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਿਹਤ ਸਹੂਲਤਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰੰਤੂ ਦੂਜੇ ਪਾਸੇ ਘਰ ਘਰ ਸਿਹਤ ਸੇਵਾਵਾਂ ਪਹੁੰਚਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਸ਼ਾ ਵਰਕਰ ਅਤੇ ਫਸੀਲੀਟਰ ਯੂਨੀਅਨ ਪੰਜਾਬ ਪਿਛਲੇ 15 ਸਾਲਾਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਦੀ ਆ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣਾ ਸੰਘਰਸ਼ ਜਾਰੀ ਰੱਖਣਗੀਆਂ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਸ਼ਾ ਵਰਕਰਾਂ ਦੀਆਂ ਜਾਇਜ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਲਾਗੂ ਕਰੇ। ਉਹਨਾਂ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਵਿੱਚ ਆਫ ਲਾਇਨ ਅਤੇ ਆਨ ਲਾਈਨ ਕੰਮ ਕਰਨ ਦੀ ਪਹਿਲੀ ਕਤਾਰ ਵਿੱਚ ਲੋਕ ਭਲਾਈ, ਲੋਕ ਸੇਵਾ ਕਰਦੀਆਂ ਹਨ, ਸਰਕਾਰ ਨੂੰ ਚਾਹੀਦਾ ਸੀ ਕਿ ਬਜ਼ਟ ਸਾਡੇ ਹੱਕਾਂ ਲਈ ਰਾਖਵਾਂ ਰੱਖਿਆ ਜਾਂਦਾ, ਲੇਕਿਨ ਅਜਿਹਾ ਨਹੀਂ ਹੋਇਆ। ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਅਸਲ ਮੁੱਦਿਆਂ ਤੋਂ ਭਟਕ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਪਰਮਜੀਤ ਕੋਰ, ਸਮਾਧ ਭਾਈ, ਬਲਜੀਤ ਕੋਰ ਕੋਟ ਈਸੇ ਖਾ, ਬਲਵਿੰਦਰ ਕੋਰ ਡਰੋਲੀ ਭਾਈ, ਮਨਦੀਪ ਕੌਰ, ਸਿਕੰਦਰ ਕੋਰ, ਸਖਮੰਦਰ ਕੋਰ, ਢੁਡੀਕੇ ਸਿਮਰਜੀਤ ਕੋਰ, ਬਾਘਾਪੁਰਾਣਾ, ਕਮਲ ਬੱਧਨੀ, ਮਨਪ੍ਰੀਤ ਕੋਰ ਕੋਟ, ਸਰਬਜੀਤ ਕੋਰ ਚੜਿਕ, ਸਰਬਜੀਤ ਕੋਰ ਲੋਪੋ, ਮਹਿਦਰ ਕੋਰ, ਸੰਦੀਪ ਕੋਰ ਮੋਗਾ ਹਾਜ਼ਰ ਸਨ।