
ਮੋਗਾ, 11 ਨਵੰਬਰ, (ਮੁਨੀਸ਼ ਜਿੰਦਲ)
ਪੰਜਾਬ ਸਰਕਾਰ, ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ, ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਮੋਗਾ ਵੱਲੋਂ ਪੈਨਸ਼ਨਰਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 13, 14 ਅਤੇ 15 ਨਵੰਬਰ 2025 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ ਵਿਸ਼ੇਸ਼ “ਪੈਨਸ਼ਨਰ ਸੇਵਾ ਮੇਲੇ” ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਦੌਰਾਨ ਸਾਰੇ ਪੈਨਸ਼ਨਰਾਂ ਨੂੰ ਆਪਣੀ E-KYC ਮੁਕੰਮਲ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਜਿਹਨਾਂ ਦੀ E-KYC ਬਾਕੀ ਹੈ, ਉਨ੍ਹਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਇਹ ਜਾਣਕਾਰੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਵਰਿਆਮ ਸਿੰਘ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ ਦੀ ਸੁਵਿਧਾ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਗਿਆ ਹੈ, ਜਿਸ ਰਾਹੀਂ ਪੈਨਸ਼ਨ ਸੰਬੰਧੀ ਅਰਜ਼ੀਆਂ, E-PPO, ਪੈਨਸ਼ਨ ਡਾਟਾ, ਸ਼ਿਕਾਇਤ ਨਿਵਾਰਣ ਆਦਿ ਸਹੂਲਤਾਂ ਇਕ ਹੀ ਪਲੇਟਫਾਰਮ ‘ਤੇ ਉਪਲਬਧ ਕਰਵਾਈਆਂ ਜਾਣਗੀਆਂ ਅਤੇ ਪੰਜਾਬ ਰਾਜ ਦੇ ਸਮੂਹ ਪੈਨਸ਼ਨਰਾਂ/ ਫੈਮਲੀ ਪੈਨਸ਼ਨਰਾਂ ਨੂੰ ਡਿਜਿਟਲ ਲਾਈਫ਼ ਸਰਟੀਫ਼ਿਕੇਟ, ਜੀਵਨ ਪ੍ਰਮਾਣ ਪੱਤਰ ਜਾਰੀ ਕਰਨ ਲਈ E-KYC ਕੀਤੀ ਜਾਵੇਗੀ ਅਤੇ ਇਸ ਸਬੰਧੀ ਜਾਗਰੂਕ ਵੀ ਕੀਤਾ ਜਾਵੇਗਾ। ਇਸ ਮੇਲੇ ਵਿੱਚ ਸਾਰੀਆਂ ਬੈਂਕਾਂ ਦੇ ਨੁਮਾਇੰਦੇ ਹਾਜਰ ਰਹਿਣਗੇ, ਜਿਨ੍ਹਂ ਵੱਲੋਂ ਪੈਨਸ਼ਨਰਜ਼ ਦਾ ਕੰਮ ਮੌਕੇ ਤੇ ਕੀਤਾ ਜਾਵੇਗਾ।
ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਜ਼ਿਲ੍ਹੇ ਦੇ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਬੰਧਤ ਖੇਤਰ ਦੇ “ਪੈਨਸ਼ਨਰ ਸੇਵਾ ਮੇਲੇ” ਵਿੱਚ ਸ਼ਾਮਲ ਹੋਣ ਤੇ ਆਪਣੀ E-KYC ਪ੍ਰਕਿਰਿਆ ਪੂਰੀ ਕਰਕੇ ਸਰਕਾਰ ਦੀ ਇਸ ਸਹੂਲਤ ਦਾ ਲਾਭ ਪੈਨਸ਼ਨਰਜ਼ ਘਰ ਬੈਠੇ ਪੈਨਸ਼ਨ ਸੇਵਾ ਪੋਰਟਲ ਤੋਂ ਪ੍ਰਾਪਤ ਕਰ ਸਕਣਗੇ।

