

ਮੋਗਾ 15 ਅਪ੍ਰੈਲ (ਮੁਨੀਸ਼ ਜਿੰਦਲ/ ਗਿਆਨ ਸਿੰਘ)
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵਲੋ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਹਾੜੇ ਨੂੰ ਇੱਕ ਨਿਵੇਕਲੇ ਢੰਗ ਨਾਲ ਮਨਾਉਣ ਦੀ ਪਿਰਤ ਪਾਉਣ ਦੀ ਪਹਿਲ ਕੀਤੀ ਗਈ। ਸਭਾ ਵੱਲੋਂ ਛੋਟੇ ਛੋਟੇ ਸਕੂਲੀ ਬੱਚਿਆਂ ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਵੀ ਦਰਬਾਰ ਦੀ ਖ਼ਾਸੀਅਤ ਇਹ ਰਹੀ ਕਿ ਦਸਵੀਂ ਜਮਾਤ ਦੇ ਵਿਦਿਆਰਥੀ ਵਿਸਾਖਾ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਆਪਣੀ ਆਵਾਜ਼ ਵਿਚ ਪੇਸ਼ਕਾਰੀ ਨਾਲ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਵੀ ਦਰਬਾਰ ਵਿੱਚ ਸੱਤ ਸਾਲ ਦੇ ਬੱਚਿਆਂ ਤੋਂ ਲੈਕੇ ਅਠਾਰਾਂ ਸਾਲ ਤੱਕ ਦੇ ਬੱਚਿਆਂ ਨੇ ਆਪਣੀ ਆਪਣੀ ਰਚਨਾ ਰਾਹੀਂ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸੋਚਣ ਵਾਸਤੇ ਮਜਬੂਰ ਅਤੇ ਨਿਹਾਲ ਕੀਤਾ। ਸਭਾ ਦੀ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਬਹੁਤ ਕਾਬਲੀਅਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਥਾਨ ਵਾਸਤੇ। ਸਭਾ ਵੱਲੋਂ ਹਮੇਸ਼ਾ ਹੀ ਨਵੇਂ ਉਪਰਾਲੇ ਕੀਤੇ ਜਾਂਦੇ ਰਹਿਣਗੇ। ਬੱਚਿਆਂ ਨੂੰ ਕਦਰਾਂ ਕੀਮਤਾਂ ਅਤੇ ਚੰਗੇ ਸੰਸਕਾਰ ਦੇਕੇ ਸਰਵਗੁਣ ਸੰਪਨ ਬਣਾਇਆ ਜਾਏਗਾ।
ਮੁੱਖ ਮਹਿਮਾਨ ਮੀਨਾ ਸ਼ਰਮਾ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸਾਹਿਤ ਦੇ ਜ਼ਰੀਏ ਕਦਰਾਂ ਕੀਮਤਾਂ ਅਤੇ ਸੰਸਕਾਰਾਂ ਨਾਲ ਜੋੜਨ ਦਾ ਯਤਨ ਬੇਸ਼ਕੀਮਤੀ ਹੈ, ਅਤੇ ਬੱਚਿਆਂ ਦੇ ਬੋਲਣ ਅਤੇ ਪੇਸ਼ਕਾਰੀ ਦਾ ਹੁਨਰ ਸਾਫ਼ ਜ਼ਾਹਿਰ ਕਰਦਾ ਹੈ ਕਿ ਬੱਚੇ ਭਵਿੱਖ ਵਿੱਚ ਵਧੀਆ ਸਮਾਜ ਸਿਰਜਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣਗੇ। ਇਸ ਕਵੀ ਦਰਬਾਰ ਵਿੱਚ ਜਸਪ੍ਰੀਤ ਕੌਰ, ਰਣਦੀਪ ਕੌਰ, ਪਲਕਪ੍ਰੀਤ ਕੌਰ, ਗੁਰਕਮਲ ਸਿੰਘ, ਸਨਵੀਰ ਸਿੰਘ, ਸੁਖਮੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਜਗਤਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਰਾਜਵਿੰਦਰ ਸਿੰਘ ਅਤੇ ਰਣਫਤਿਹ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਦੇ ਨਾਲ ਗੁਰਬਿੰਦਰ ਕੌਰ ਗਿੱਲ, ਪਰਮਿੰਦਰ ਕੌਰ, ਗੁਰਮੇਲ ਸਿੰਘ ਬੌਡੇ, ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ ਅਤੇ ਹਰਪ੍ਰੀਤ ਸ਼ਾਇਰ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਅੰਤ ਵਿੱਚ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਮੋਗਾ ਵੱਲੋਂ ਭਾਰਤ ਮਾਤਾ ਵਾਸਤੇ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਉੱਤੇ ਚਾਨਣਾ ਪਾਇਆ ਗਿਆ।