

ਮੋਗਾ 22 ਅਪ੍ਰੈਲ (ਮੁਨੀਸ਼ ਜਿੰਦਲ)
ਅਜੋਕੇ ਸਮੇਂ ਵਿੱਚ ਜਦੋਂ ਇਹ ਮੰਨਿਆ ਜਾ ਰਿਹਾ ਹੈ ਕਿ ਨੌਜੁਆਨ ਪੀੜ੍ਹੀ ਨਸ਼ਿਆਂ ਵੱਲ ਵਧ ਰਹੀ ਹੈ, ਉੱਥੇ ਹੀ ਪੰਜਾਬ ਦੇ ਮਿਹਨਤੀ ਅਤੇ ਲਗਨ ਵਾਲੇ ਖਿਡਾਰੀ ਆਪਣਾ ਪਸੀਨਾ ਖੇਡਾਂ ਵਿੱਚ ਬਹਾ ਕੇ ਇਤਿਹਾਸ ਵੀ ਸਿਰਜ ਰਹੇ ਹਨ। ਇਸ ਇਤਿਹਾਸ ਸਿਰਜਣ ਦੀ ਕੜੀ ਵਿੱਚ ਹੋਣਹਾਰ ਖਿਡਾਰਣ ਸਿਮਰਨ ਕੌਰ ਪੁੱਤਰੀ ਸਾਰਜ ਸਿੰਘ ਪਿੰਡ ਖੰਬੇ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਨੇ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਇਲਾਕੇ, ਕੋਚ ਅਤੇ ਮਾਪਿਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸਿਮਰਨ ਕੌਰ ਨੇ ਹੈਦਰਾਬਾਦ ਵਿੱਚ ਕਰਵਾਏ ਨੈਸ਼ਨਲ ਅਥਲੈਟਿਕਸ ਮੁਕਾਬਲੇ ਵਿੱਚ ਭਾਗ ਲਿਆ ਸੀ, ਜਿੱਥੇ ਪੂਰੇ ਭਾਰਤ ਦੇ 19 ਰਾਜਾਂ ਤੋਂ ਤਕਰੀਬਨ ਦੋ 100 ਖਿਡਾਰੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਟਾ ਸੀ।
ਸਿਮਰਨ ਕੌਰ ਨੇ ਲੰਮੀ ਛਾਲ ਵਿੱਚੋਂ ਗੋਲਡ ਮੈਡਲ, ਸਪ੍ਰਿੰਟ ਦੌੜ ਵਿੱਚੋਂ ਸਿਲਵਰ ਮੈਡਲ ਅਤੇ ਸ਼ਟਲ ਦੌੜ ਵਿੱਚੋਂ ਸਿਲਵਰ ਮੈਡਲ ਜਿੱਤ ਕੇ ਆਪਣੇ ਕੋਚ ਅਧਿਆਪਕ ਮਨਪ੍ਰੀਤ ਕੌਰ ਦਾ ਮਾਣ ਵਧਾਇਆ। ਇਹ ਖਿਡਾਰਨ ਸ਼ਹੀਦ ਜੀਉਣ ਸਿੰਘ ਸਰਕਾਰੀ ਹਾਈ ਸਕੂਲ, ਰਾਉਵਾਲ ਮੇਲਕ ਕੰਗਾਂ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ। ਜੇਤੂ ਖਿਡਾਰਣ ਨੂੰ ਸਕੂਲ ਦੇ ਮੁੱਖ ਅਧਿਆਪਕ ਸੁਖਦੇਵ ਸਿੰਘ ਨੇ ਹਰ ਸੰਭਵ ਸਹਿਯੋਗ ਕਰਕੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ, ਅਤੇ ਜਿੱਤ ਕੇ ਆਉਣ ਤੋਂ ਬਾਅਦ ਮੁਬਾਰਕਾਂ ਦਿੱਤੀਆਂ। ਉਨ੍ਹਾਂ ਅੱਗੇ ਤੋਂ ਲਗਾਤਾਰ ਸਖ਼ਤ ਮਿਹਨਤ ਕਰਨ ਦਾ ਆਸ਼ੀਰਵਾਦ ਵੀ ਦਿੱਤਾ।
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਟੀਮ ਮੈਂਬਰ ਗੁਰਦੀਪ ਸਿੰਘ ਚੀਮਾ ਨੂੰ ਜਦੋਂ ਇਕ ਟੀਵੀ ਚੈਨਲ ‘ਤੇ ਵਿਖਾਈ ਗਈ ਖ਼ਬਰ ਦੇ ਜ਼ਰੀਏ, ਸਿਮਰਨ ਕੌਰ ਦੇ ਜੇਤੂ ਹੋਣ ਦਾ ਪਤਾ ਲੱਗਾ, ਤਾਂ ਉਹਨਾਂ ਨੇ ਰਾਬਤਾ ਕਾਇਮ ਕਰਕੇ ਖਿਡਾਰਨ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ ਅਤੇ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਮੋਗਾ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਬਰਾੜ ਨੇ ਸਿਮਰਨ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਹੌਸਲਾ ਅਫ਼ਜ਼ਾਈ ਲਈ ਨਗਦ ਰਾਸ਼ੀ ਭੇਂਟ ਕਰਕੇ ਸਭਾ ਵੱਲੋਂ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਡਾਕਟਰ ਸਾਹਿਬਾ ਨੇ ਕਿਹਾ ਕਿ ਸਿਮਰਨ ਕੌਰ ਸਾਰੀ ਯੁਵਾ ਪੀੜ੍ਹੀ ਵਾਸਤੇ ਇੱਕ ਆਦਰਸ਼ ਹੈ, ਅਤੇ ਬਾਕੀ ਖਿਡਾਰੀ ਵੀ ਇਸ ਤੋਂ ਸਿੱਖਿਆ ਲੈਕੇ ਨਸ਼ਿਆਂ ਵਰਗੇ, ਇਨਸਾਨ ਮਾਰੂ ਜਿੰਨ ਤੋਂ ਛੁਟਕਾਰਾ ਪਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਭਾ ਖਿਡਾਰੀਆਂ ਦੇ ਉਥਾਨ ਵਾਸਤੇ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਡਾਕਟਰ ਸਾਹਿਬ ਨੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹੋ ਜਿਹੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਕੇ, ਸਮਾਜ ਵਿੱਚ ਖੁਸ਼ਨੁਮਾ ਮਾਹੌਲ ਬਣਾ ਸਕਦੇ ਹਨ।
ਸਨਮਾਨ ਚਿੰਨ੍ਹ ਭੇਂਟ ਕਰਦੇ ਸਮੇਂ ਸਭਾ ਦੇ ਮੈਂਬਰ ਕੈਪਟਨ ਜਸਵੰਤ ਸਿੰਘ ਪੰਡੋਰੀ, ਸੋਨੀ ਮੋਗਾ, ਹਰਪ੍ਰੀਤ ਸ਼ਾਇਰ, ਲਾਲੀ ਕਰਤਾਰਪੁਰੀ ਅਤੇ ਨੇਕ ਖੋਸਿਆਂ ਵਾਲਾ ਵੀ ਮੌਜੂਦ ਸਨ।