
ਮੋਗਾ 28 ਮਈ, (ਮੁਨੀਸ਼ ਜਿੰਦਲ)
ਖੇਤੀਬਾੜੀ ਦੇ ਵਿਕਾਸ ਅਤੇ ਉੱਚ ਤਕਨੀਕਾਂ ਦੇ ਸਮੀਕਰਨ ਨਾਲ, ਜਿੱਥੇ ਕਿਸਾਨ ਦੀ ਖੁਸ਼ਹਾਲੀ ਦਾ ਰਾਹ ਖੁਲਦਾ ਹੈ, ਉੱਥੇ ਦੇਸ਼ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਦਾ ਇੱਕ ਮਹੱਤਵਪੂਰਨ ਮੌਕਾ ਵੀ ਮਿਲਦਾ ਹੈ। ਇਹ ਵਿਚਾਰ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਸਾਨ ਆਗੂਆਂ ਨਾਲ ਸਾਂਝੇ ਕੀਤੇ। ਇਸ ਮੋਕੇ ਡਾ. ਬਰਾੜ ਨੇ ਕਿਹਾ ਕਿ ਖੇਤੀ ਖੇਤਰ ਦੇ ਨਵੇਂ ਤਰੀਕੇ ਅਤੇ ਤਕਨੀਕਾ ਦੇ ਵਿਸਥਾਰ ਨਾਲ, ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਅਤੇ ਵੱਧ ਉਤਪਾਦਨ ਵਾਲੇ ਉਤਪਾਦ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਇਸ ਮੋਕੇ ਉਹਨਾਂ ਕਿਹਾ ਕਿ ਫ਼ਸਲੀ ਵਿਭਿੰਨਤਾ ਅਤੇ ਅੰਨ ਸੁਰੱਖਿਆ ਮਿਸ਼ਨ ਦਾ ਉਦੇਸ਼, ਇਹ ਯਕੀਨੀ ਬਣਾਉਣਾ ਹੈ ਕਿ ਕੁਦਰਤੀ ਸਰੋਤਾਂ ਦੀ ਸੰਜਮ ਨਾਲ ਵਰਤੋ ਕਰਕੇ ਦੇਸ਼ ਵਾਸੀ ਸੁਰੱਖਿਅਤ ਅਤੇ ਪੋਸ਼ਕ ਖੁਰਾਕ ਪ੍ਰਾਪਤ ਕਰ ਸਕਣ। ਇਹ ਪਹੁੰਚ, ਇੱਕ ਸਿਹਤਮੰਦ ਅਤੇ ਸਰਗਰਮ ਜੀਵਨਸ਼ੈਲੀ ਅਤੇ ਕੁਦਰਤੀ ਸਰੋਤਾਂ ਨੂੰ ਬਰਕਰਾਰ ਰੱਖਣ ਲਈ ਮਹੱਤਵਪੂਰਨ ਹੈ। ਇਸ ਦੇ ਨਾਲ ਹੀ, ਦੇਸ਼ ਦੀ ਆਰਥਿਕ ਉਨਤੀ ਨੂੰ ਵੀ ਹੁਲਾਰਾ ਮਿਲਦਾ ਹੈ ਅਤੇ ਨਵੀਆਂ ਤਕਨੀਕਾਂ, ਨਵੇਂ ਰੋਜ਼ਗਾਰ ਦੇ ਮੌਕੇ ਅਤੇ ਵਪਾਰ ਦੇ ਵਿਕਾਸ ਨੂੰ ਉਤਸਾਹਿਤ ਕਰਦੀਆਂ ਹਨ। ਦੇਸ਼ ਦੇ ਵਿਕਾਸ ਤੇ ਖ਼ੁਸ਼ਹਾਲੀ ਲਈ ਅੰਨ ਸੁਰੱਖਿਆ ਦਾ ਹੋਣਾ ਲਾਜ਼ਮੀ ਹੈ, ਜੋ ਕਿ ਖੇਤੀਬਾੜੀ ਤੇ ਕਿਸਾਨ ਨਾਲ ਸਿੱਧਾ ਜੁੜਿਆ ਹੋਇਆ ਮੁੱਦਾ ਹੈ।

ਇਸ ਮੋਕੇ ਖੇਤੀ ਵਿਗਿਆਨੀ ਡਾ. ਬਰਾੜ ਤੇ ਕਿਸਾਨ ਆਗੂਆਂ ਨੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋ ਨਵੀਂ ਸੋਚ ਨਵਾਂ ਪੰਜਾਬ ਪ੍ਰੋਗਰਾਮ ਤਹਿਤ ਮੱਕੀ ਦੀ ਪੈਦਾਵਾਰ ਨੂੰ ਸਰਕਾਰੀ ਰੇਟ ਤੇ ਖ਼ਰੀਦਣ ਦੇ ਐਲਾਨ ਨੂੰ ਪੰਜਾਬ ਤੇ ਕਿਸਾਨਾਂ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਦੇ ਨਾਲ ਨਾਲ ਕੁਦਰਤੀ ਸਰੋਤਾਂ ਨੂੰ ਬਚਾਉਣ ਦਾ ਵੱਡਾ ਕਦਮ ਦੱਸਦਿਆ ਰਾਣਾ ਗੁਰਜੀਤ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲਣਾ ਚਾਹੁੰਦੇ ਹਨ, ਪਰ ਉਹਨਾਂ ਨੂੰ ਕੋਈ ਹੋਰ ਰਸਤਾ ਵਿਖਾਈ ਨਹੀਂ ਦਿੰਦਾ ਸੀ, ਲੇਕਿਨ ਹੁਣ ਰਾਣਾ ਗੁਰਜੀਤ ਸਿੰਘ ਵੱਲੋਂ ਬਰਸਾਤੀ ਮੱਕੀ ਨੂੰ ਸਰਕਾਰੀ ਭਾਅ ਤੇ ਖ਼ਰੀਦਣ ਦਾ ਭਰੋਸਾ ਦਿੱਤਾ ਹੈ, ਤੇ ਕਿਸਾਨ ਉਹਨਾਂ ਦੇ ਨਾਲ ਸਹਿਮਤ ਹੁੰਦੇ ਹੋਏ ਮੱਕੀ ਦੀ ਫਸਲ ਹੇਠ ਰਕਬਾ ਵਧਾਉਣਗੇ, ਜੋ ਕਿ ਅਨਮੋਲ ਖਜਾਨਾ ਪਾਣੀ, ਵਾਤਾਵਰਣ ਤੇ ਕਰਜ਼ੇ ਦੇ ਬੋਝ ਹੇਠ ਦੱਬੀ ਕਿਸਾਨੀ ਨੂੰ ਬਚਾਉਣ ਲਈ ਵੱਡਾ ਹੰਭਲਾ ਸਾਬਤ ਹੋਵੇਗਾ।
ਇਸ ਮੋਕੇ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਦੋਲਤਪੁਰਾ ਨੇ ਜਿੱਥੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਇਸ ਐਲਾਨ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਕਿਹਾ ਕਿ ਡਾ. ਜਸਵਿੰਦਰ ਸਿੰਘ ਬਰਾੜ ਜੋ ਕਿ ਸੇਵਾ ਮੁਕਤ ਹੋਣ ਦੇ ਬਾਅਦ ਵੀ ਕਿਸਾਨਾਂ ਅਤੇ ਲੋਕਾਂ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਹਨ, ਅਤੇ ਆਪਣੀ ਡਿਊਟੀ ਦੋਰਾਨ ਕਿਸਾਨੀ ਨੂੰ ਸਮਰਪਿਤ ਹੋਕੇ ਸ਼ਾਨਦਾਰ ਸੇਵਾਵਾਂ ਨਿਭਾਉਂਦਿਆ, ਕਿਸਾਨਾਂ ਵਿੱਚ ਆਪਣੀ ਭਰੋਸੇਯੋਗਤਾ ਕਾਇਮ ਕੀਤੀ ਹੈ। ਜਿਸ ਕਰਕੇ ਕਿਸਾਨ ਡਾ. ਬਰਾੜ ਨੂੰ ਦਿਲੋਂ ਪਿਆਰ ਤੇ ਸਤਿਕਾਰ ਦਿੰਦੇ ਹਨ।