
ਮੋਗਾ, 12 ਮਾਰਚ, (ਮੁਨੀਸ਼ ਜਿੰਦਲ)
ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ, ਭਾਰਤ ਸਰਕਾਰ ਵੱਲੋਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਤਹਿਤ ਰਾਸ਼ਨ ਦਾ ਲਾਭ ਲੈ ਰਹੇ ਲਾਭਪਾਤਰੀਆਂ ਦੀ 31 ਮਾਰਚ 2025 ਤੱਕ ਸਤ ਫੀਸਦੀ ਈ ਕੇ.ਵਾਈ.ਸੀ. ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਰਾਜ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਲਾਭਪਾਤਰੀਆਂ ਦੀ ਡਿਪੂ ਹੋਲਡਰਾਂ ਵੱਲੋਂ ਈ ਪੋਸ ਮਸੀ਼ਨਾਂ ਤੇ ਲਾਭਪਾਤਰੀ ਦੇ ਫਿੰਗਰ ਪ੍ਰਿੰਟ ਲੈ ਕੇ ਈ ਕੇ.ਵਾਈ.ਸੀ. ਕੀਤੀ ਜਾ ਰਹੀ ਹੈ, ਲੇਕਿਨ ਅਜੇ ਤੱਕ ਵੀ ਬਹੁਤ ਸਾਰੇ ਲਾਭਪਾਤਰੀਆਂ ਵੱਲੋਂ ਆਪਣੀ ਈ ਕੇ.ਵਾਈ.ਸੀ. ਨਹੀਂ ਕਰਵਾਈ ਜਾ ਰਹੀ। ਭਾਰਤ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਹੜੇ ਲਾਭਪਾਤਰੀ 31 ਮਾਰਚ 2025 ਤੱਕ ਆਪਣੀ ਈ ਕੇ.ਵਾਈ.ਸੀ ਨਹੀਂ ਕਰਵਾਉਂਦੇ, ਉਹਨਾਂ ਦਾ ਰਾਸ਼ਨ ਮੁਅੱਤਲ ਕੀਤਾ ਜਾ ਸਕਦਾ ਹੈ। ਇਸ ਲਈ ਸਾਰੇ ਲਾਭਪਾਤਰੀ 31 ਮਾਰਚ 2025 ਤੋਂ ਪਹਿਲਾਂ ਪਹਿਲਾਂ ਆਪਣੇ ਨੇੜੇ ਦੇ ਕਿਸੇ ਵੀ ਰਾਸ਼ਨ ਡਿਪੂ ਤੇ ਆਪਣਾ ਅਧਾਰ ਕਾਰਡ ਨਾਲ ਲੈ ਕੇ ਈ ਪੋਸ ਮਸ਼ੀਨ ਤੇ ਫਿੰਗਰ ਪ੍ਰਿੰਟ ਲਗਾ ਕੇ ਆਪਣੀ E-KYC ਕਰਵਾਉਣ ਨੂੰ ਯਕੀਨੀ ਬਣਾਉਣ ਤਾਂ ਕਿ ਉਹਨਾਂ ਨੂੰ ਭਵਿੱਖ ਵਿੱਚ ਰਾਸ਼ਨ ਲੈਣ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ।
ਇਸ ਸਬੰਧ ਵਿੱਚ ਗੀਤਾ ਬਿਸ਼ੰਭੂ, ਜ਼ਿਲ੍ਹਾ ਕੰਟਰੋਲਰ ਖੁਰਾਕ ਅਤੇ ਸਪਲਾਈਜ ਮੋਗਾ ਵੱਲੋਂ ਦੱਸਿਆ ਕਿ ਇਸ ਸਬੰਧੀ ਸਾਰੇ ਸਹਾਇਕ ਖੁਰਾਕ ਅਤੇ ਸਪਲਾਈਜ ਅਫਸਰਾਂ ਅਤੇ ਖੇਤਰੀ ਅਮਲੇ ਨੂੰ ਮੀਟਿੰਗ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਆਪਣੇ ਆਪਣੇ ਏਰੀਏ ਦੇ ਰਾਜਨੀਤਿਕ ਅਤੇ ਮੋਹਤਵਾਰ ਲੋਕਾਂ, ਪਿੰਡਾਂ ਦੇ ਸਰਪੰਚਾਂ, ਕੌਸਲਰਾਂ ਆਦਿ ਨੂੰ ਇਸ ਸਬੰਧੀ ਜਗਰੂਕ ਕਰਦੇ ਹੋਏ ਲਾਭਪਾਤਰੀਆਂ ਦੀ ਸਤ ਫੀਸਦੀ E-KYC ਕਰਵਾਉਣੀ ਯਕੀਨੀ ਬਣਾਈ ਜਾਵੇ।

