
ਮੋਗਾ, 26 ਮਾਰਚ, (ਮੁਨੀਸ਼ ਜਿੰਦਲ)
ਪੰਜਾਬ ਸਰਕਾਰ ਦੇ ਹੁਨਰ ਵਿਕਾਸ, ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਇਸ ਮੌਕੇ ਤੇ ਸੰਬੋਧਨ ਕਰਦੇ ਪਤਵੰਤੇ।
ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਨੇ ਦਸਿਆ ਕਿ ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮੋਗਾ ਵੱਲੋਂ ਸਰਬੱਤ ਦਾ ਭਲਾ ਸਕਿੱਲ ਸੈਂਟਰ, ਧਰਮਸ਼ਾਲਾ ਖੱਤਰੀਆਂ, ਪਿੰਡ ਦੌਲਤਪੁਰਾ ਨੀਵਾਂ, ਜਿਲ੍ਹਾ ਮੋਗਾ ਵਿਖੇ ਸਵੈ ਰੋਜ਼ਗਾਰ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਹਿੱਸਾ ਲਿਆ ਗਿਆ। ਇਸ ਕੈਂਪ ਦਾ ਮਨੋਰਥ ਆਮ ਲੋਕਾਂ ਨੂੰ ਸਵੈ ਰੋਜਗਾਰ ਅਪਨਾਉਣ ਸਬੰਧੀ ਉਤਸ਼ਾਹਿਤ ਕਰਨਾ ਸੀ। ਇਸ ਕੈਂਪ ਦਾ ਉਦਘਾਟਨ ਪਰਵਾਸੀ ਬੀਬੀ ਨਛੱਤਰ ਕੌਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਦਫ਼ਤਰ ਦੇ ਕਰੀਅਰ ਕਾਉਂਸਲਰ ਬਲਰਾਜ ਸਿੰਘ ਖਹਿਰਾ ਵੱਲੋਂ ਲੋਕਾਂ ਨੂੰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਵੈ ਰੋਜਗਾਰ ਅਪਨਾਉਣ ਸਬੰਧੀ ਪ੍ਰੇਰਿਆ ਗਿਆ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਮੱਛੀ ਪਾਲਣ ਵਿਭਾਗ ਤੋਂ ਬਲਜੋਤ ਸਿੰਘ ਮਾਨ, ਪਸ਼ੂ ਪਾਲਣ ਵਿਭਾਗ ਤੋਂ ਡਾ. ਹਰਜਾਪ ਕੌਰ, ਐਸ.ਸੀ. ਕਾਰਪੋਰੇਸ਼ਨ ਤੋਂ ਲਵਜੀਤ ਸਿੰਘ, ਬੀ.ਸੀ. ਕਾਰਪੋਰੇਸ਼ਨ ਤੋਂ ਰਵਿੰਦਰ ਸਿੰਘ, ਆਰਸੇਟੀ ਡਾਇਰੈਕਟਰ ਗੌਰਵ ਕੁਮਾਰ, ਡੇਅਰੀ ਵਿਭਾਗ ਤੋਂ ਨਵਦੀਪ ਸਿੰਘ ਅਤੇ ਰਿਟਾਇਰਡ ਪ੍ਰੋ. ਬਲਵਿੰਦਰ ਸਿੰਘ ਵੱਲੋਂ ਪ੍ਰਾਰਥੀਆਂ ਨੂੰ ਵਿਭਾਗਾਂ ਨਾਲ ਸਬੰਧਤ ਸਵੈ ਰੋਜਗਾਰ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ ਅਤੇ ਵਿਦਿਆਰਥੀ ਭਲਾਈ ਗਰੁੱਪ ਦੌਲਤਪੁਰਾ ਨੀਵਾਂ ਦੇ ਮੈਂਬਰਾਂ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਸਨ। ਇਸ ਸਵੈ ਰੋਜਗਾਰ ਕੈਂਪ ਪ੍ਰਤੀ ਪ੍ਰਾਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ।

