
ਮੋਗਾ 30 ਜੁਲਾਈ, (ਮੁਨੀਸ਼ ਜਿੰਦਲ)
ਲੈਂਡ ਪੂਲਿੰਗ ਪਾਲਸੀ ਦੇ ਵਿਰੋਧ ਵਿੱਚ ਬੁਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਵਲੋਂ ਸੈਂਕੜੇ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੀਤਾ ਗਿਆ। ਜਿਸ ਵਿੱਚ ਮੋਟਰਸਾਈਕਲ ਤੇ ਗੱਡੀਆਂ ਲੈ ਕੇ ਵੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ।ਪ੍ਰੈਸ ਨੂੰ ਇੱਕ ਪ੍ਰੈਸ ਨੋਟ ਜਰੀਏ ਜਾਣਕਾਰੀ ਦਿੰਦਿਆਂ ਬੀਕੇਯੂ ਉਗਰਾਹਾਂ ਦੇ ਬਲੌਰ ਸਿੰਘ ਘੱਲ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਰਾਜਿਆਣਾ, ਬੀਕੇਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੂਰਤ ਸਿੰਘ, ਨਿਰਮਲ ਸਿੰਘ ਮਾਣੂੰਕੇ ਕਾਦੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਅਰਬਨ ਸਟੇਟ ਬਣਾਉਣ ਜਾ ਰਹੀ ਹੈ, ਉਸ ਦੇ ਵਿਰੋਧ ਵਿੱਚ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਇਹ ਮਾਰਚ ਕਢਿਆ ਗਿਆ ਹੈ। ਉਹਨਾਂ ਦਸਿਆ ਕਿ ਇਹ ਮਾਰਚ ਬੁੱਘੀਪੁਰਾ ਤੋਂ ਰਵਾਨਾ ਹੋ ਕੇ ਵਾਇਆ ਤਲਵੰਡੀ ਭਗੇਰੀਆਂ, ਰੌਲੀ, ਸਮਾਧ ਖੇੜਾ, ਚੁਗਾਵਾਂ ਵਿੱਚ ਦੀ ਹੁੰਦਾ ਹੋਇਆ ਬੁੱਘੀਪੁਰਾ ਚੌਕ ਵਿੱਚ ਆਕੇ ਸਮਾਪਤ ਹੋਇਆ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਕਿ ਜਿਵੇਂ ਪਹਿਲਾਂ ਬੀਜੇਪੀ ਦੀ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ, ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਲਿਆਂਦੇ ਗਏ ਸਨ, ਜੋ ਤੇਰਾਂ ਮਹੀਨੇ ਕਿਸਾਨ ਅੰਦੋਲਨ ਚੱਲਣ ਤੇ ਮੋਦੀ ਸਰਕਾਰ ਨੂੰ ਵਾਪਸ ਲੈਣੇ ਪਏ ਸਨ, ਬਿਲਕੁਲ ਉਸੇ ਨੀਤੀ ਤਹਿਤ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਕੱਠਪੁਤਲੀ ਬਣ ਕੇ ਲੈਂਡ ਪੂਲਿੰਗ ਪਾਲਸੀ ਲੈ ਕੇ ਆਂਦੀ ਹੈ, ਜੋ ਕਿਸਾਨਾਂ ਦੀ 65000/- ਏਕੜ ਦੇ ਕਰੀਬ ਜ਼ਮੀਨ ਹੜੱਪਣ ਦੀ ਨੀਤੀ ਲਿਆਂਦੀ ਗਈ ਹੈ। ਜਿਸ ਨੂੰ ਅਖ਼ਬਾਰਾਂ ਵਿੱਚ ਐਕਵਾਇਰ ਵੀ ਕਰ ਦਿੱਤਾ ਗਿਆ ਹੈ। ਇਸ ਪਾਲਸੀ ਤਹਿਤ ਜਦ ਐਕਵਾਇਰ ਜ਼ਮੀਨ ਖਸਰਾ ਨੰਬਰ ਸਮੇਤ ਅਖ਼ਬਾਰ, ਨਿਊਜ਼ ਪੇਪਰਾਂ ਵਿੱਚ ਦਰਜ ਹੋ ਜਾਵੇ ਤਾਂ ਕਿਸਾਨ ਆਪਣੀ ਜ਼ਮੀਨ ਉੱਪਰ ਨਾਂ ਤਾਂ ਲਿਮਟ ਬਣਾ ਸਕਦਾ, ਨਾ ਲੋਨ ਵਗੈਰਾ ਕਰਵਾ ਸਕਦਾ, ਅਤੇ ਨਾ ਹੀ ਕਿਸਾਨ ਜ਼ਮੀਨ ਵੇਚ ਸਕੇਗਾ।

ਕਿਸਾਨ ਆਗੂ, ਇਕ ਸਾਂਝੀ ਤਸਵੀਰ ਮੌਕੇ।

ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੂਰਤ ਸਿੰਘ ਨੇ ਆਖਿਆ ਕਿ ਜਿਵੇਂ ਕਿਸਾਨ ਅੰਦੋਲਨ ਦੌਰਾਨ ਮੋਦੀ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਸਨ, ਉਸੇ ਤਰ੍ਹਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ, ਕਿਉਂਕਿ ਅੱਜ ਦਾ ਟਰੈਕਟਰ ਮਾਰਚ ਅਗਲੇ ਅੰਦੋਲਨ ਦਾ ਬਿੱਗਲ ਹੈ, ਜੋ ਅੱਜ ਸੰਯੁਕਤ ਮੋਰਚੇ ਵਲੋਂ ਵਜ਼ਾ ਦਿੱਤਾ ਗਿਆ ਹੈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ ਨੇ ਵੀ ਕਿਹਾ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸਨ, ਉਸ ਵਕਤ ਪੰਜਾਬ ਵਿੱਚ ਦਿੱਲੀ ਅੰਦੋਲਨ ਲੱਗਣ ਤੋਂ ਦੋ ਮਹੀਨੇ ਪਹਿਲਾਂ ਹਰੇਕ ਵਰਗ, ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ, ਤਿੰਨ ਕਨੂੰਨਾਂ ਬਾਰੇ ਜਾਣਕਾਰੀ ਸਹਿਤ ਲੋਕਾਂ ਨੂੰ ਸਮਝਾਇਆ ਗਿਆ ਸੀ, ਇਸੇ ਲਈ ਲੈਂਡ ਪੂਲਿੰਗ ਪਾਲਸੀ ਨੂੰ ਮੁੱਢੋਂ ਹੀ ਰੱਦ ਕਰਵਾਉਣ ਲਈ ਅੱਜ ਦਾ ਟਰੈਕਟਰ ਮਾਰਚ ਕੀਤਾ ਗਿਆ ਹੈ, ਸੰਘਰਸ਼ ਵਿੱਢਣ ਦੀ ਤਿਆਰੀ ਸ਼ੁਰੂ ਹੋ ਗਈ ਹੈ, 24 ਅਗਸਤ ਨੂੰ ਜਿਸ ਇਲਾਕੇ ਦੀ ਜ਼ਿਆਦਾ ਜਮੀਨ ਇਸ ਨੀਤੀ ਤਹਿਤ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਇਲਾਕੇ ਮੁੱਲਾਂਪੁਰ – ਦਾਖਾ ਵਿੱਚ ਸੰਯੁਕਤ ਮੋਰਚੇ ਵਲੋਂ ਵੱਡੀ ਪੱਧਰ ਰੈਲੀ ਤੇ ਕਿਸਾਨ ਮਹਾਂਪੰਚਾਇਤ ਕੀਤੀ ਜਾਵੇਗੀ, ਜਿਸਦੀ ਤਿਆਰੀ ਲਈ ਵੱਡੀ ਪੱਧਰ ਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਇਸ ਲੈਂਡ ਪੂਲਿੰਗ ਪਾਲਸੀ ਨੂੰ ਵਾਪਸ ਲਵੇ, ਨਹੀਂ ਤਾਂ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ, ਅਸੀਂ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਇੰਚ ਜ਼ਮੀਨ ਹੜੱਪਣ ਨਹੀਂ ਦੇਵਾਂਗੇ, ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
ਅੱਜ ਦੇ ਟਰੈਕਟਰ ਮਾਰਚ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇਖੁਰਦ, ਨਿਰਮਲ ਸਿੰਘ ਮਾਣੂੰਕੇ ਬੀਕੇਯੂ ਕਾਦੀਆਂ, ਬਲਰਾਜ ਸਿੰਘ ਸਕੱਤਰ ਕੌਮੀ ਕਿਸਾਨ ਯੂਨੀਅਨ, ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਇਕਬਾਲ ਸਿੰਘ ਸਿੰਘਾਂਵਾਲਾ, ਗੁਰਦੇਵ ਸਿੰਘ ਉਗਰਾਹਾਂ, ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਛਿੰਦਰਪਾਲ ਕੌਰ ਕੇਕੇਯੂ, ਦਲਜੀਤ ਸਿੰਘ ਤੋਤੇਵਾਲ, ਜਸਵਿੰਦਰ ਸਿੰਘ, ਬਲਦੇਵ ਸਿੰਘ ਰਾਜੇਵਾਲ, ਬਲਕਰਨ ਸਿੰਘ, ਲਖਵਿੰਦਰ ਸਿੰਘ ਬੀਕੇਯੂ ਲੱਖੋਵਾਲ, ਸਾਧੂ ਸਿੰਘ, ਜਸਵੰਤ ਸਿੰਘ ਕਾਦੀਆਂ, ਜਗਵਿੰਦਰ ਕੌਰ, ਸਵਰਨਜੀਤ ਕੌਰ ਆਦਿ ਕਿਸਾਨ ਹਾਜ਼ਰ ਹੋਏ।