ਮੋਗਾ, 23 ਸਤੰਬਰ (ਮੁਨੀਸ਼ ਜਿੰਦਲ)
ਜਨਗਣਨਾ 2027 ਦੇ ਫੇਸ 1 ਅਧੀਨ ਹਾਊਸ ਲਿਸਟਿੰਗ ਦਾ ਕੰਮ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਹੁਣ ਫੇਸ 2 ਤਹਿਤ ਜਨਗਣਨਾ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਣਾ ਹੈ। ਇਸ ਸਬੰਧੀ ਜ਼ਿਲ੍ਹਾ ਮੋਗਾ ਲਈ ਤਾਇਨਾਤ ਮਾਸਟਰ ਟ੍ਰੇਨਰਾਂ ਵੱਲੋਂ 38 ਫੀਲਡ ਟ੍ਰੇਨਰਾਂ ਨੂੰ ਤਿੰਨ ਰੋਜ਼ਾ ਸਿਖਲਾਈ ਦਿੱਤੀ ਗਈ, ਜੋ ਅੱਜ ਸਫ਼ਲਤਾਪੂਰਵਕ ਮੁਕੰਮਲ ਹੋਈ। ਸਿਖਲਾਈ ਉਪਰੰਤ ਇਹ ਫੀਲਡ ਟ੍ਰੇਨਰ ਅੱਗੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਜਨਗਣਨਾ 2027 ਫੇਸ 2 ਸਬੰਧੀ ਸਿਖਲਾਈ ਪ੍ਰਦਾਨ ਕਰਨਗੇ, ਤਾਂ ਜੋ ਜਨਗਣਨਾ ਦਾ ਕੰਮ ਨਿਰਧਾਰਤ ਸਮੇਂ ਅਨੁਸਾਰ ਸੁਚੱਜੇ, ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

IAS ਜਸਪਿੰਦਰ ਸਿੰਘ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ।
ਇਸ ਮੌਕੇ ADC ਕਮ ਜ਼ਿਲ੍ਹਾ ਸੈਂਸਸ ਅਫ਼ਸਰ IAS ਜਸਪਿੰਦਰ ਸਿੰਘ ਵੱਲੋਂ ਸਿਖਲਾਈ ਵਿੱਚ ਭਾਗ ਲੈਣ ਵਾਲੇ ਸਮੂਹ ਮਾਸਟਰ ਟ੍ਰੇਨਰਾਂ ਅਤੇ ਫੀਲਡ ਟ੍ਰੇਨਰਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਸਿਖਲਾਈ ਵਿੱਚ ਸਰਗਰਮ ਭਾਗੀਦਾਰੀ ਲਈ ਟ੍ਰੇਨਰਾਂ ਦੀ ਸ਼ਲਾਘਾ ਕਰਦਿਆਂ ਜਨਗਣਨਾ ਦੇ ਕੰਮ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਨੀਤੀ ਨਿਰਮਾਣ ਇਹਨਾਂ ਅੰਕੜਿਆਂ ਦੇ ਅਧਾਰ ਤੇ ਹੀ ਕੀਤਾ ਜਾਣਾ ਹੈ ਇਸ ਲਈ ਇਸ ਕੰਮ ਨੂੰ ਪੂਰਨ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ।
ਇਸ ਸਿਖਲਾਈ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਰਪ੍ਰੀਤ ਸਿੰਘ, ਅਡੀਸ਼ਨਲ ਜ਼ਿਲ੍ਹਾ ਸੈਂਸਸ ਅਫ਼ਸਰ ਕਮ ਉਪ ਅਰਥ ਅਤੇ ਅੰਕੜਾ ਸਲਾਹਕਾਰ ਅਤੇ ਸ਼ਿਵਦੀਪ ਗੋਇਲ, ਇੰਚਾਰਜ ਸੈਂਸਸ ਸੈੱਲ ਹਾਜ਼ਰ ਰਹੇ। ਇਸ ਤੋਂ ਇਲਾਵਾ ਦਫ਼ਤਰ ਡਾਇਰੈਕਟਰ ਸੈਂਸਸ ਆਪ੍ਰੇਸ਼ਨਜ਼ ਪੰਜਾਬ, ਚੰਡੀਗੜ੍ਹ ਵੱਲੋਂ ਆਰ ਪੀ ਸਿੰਘ, ਮੀਤ ਡਾਇਰੈਕਟਰ ਦੀਪਕ ਕੁਮਾਰ, ਜ਼ਿਲ੍ਹਾ ਕੋਆਰਡੀਨੇਟਰ ਅਤੇ ਕਰਨ ਸ਼ਰਮਾ, ਜ਼ਿਲ੍ਹਾ ਕੋਆਰਡੀਨੇਟਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਜਨਗਣਨਾ 2027 ਦੇ ਫੇਸ 2 ਤਹਿਤ ਹੋਣ ਵਾਲੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਮੀਨੀ ਪੱਧਰ ’ਤੇ ਤਾਇਨਾਤ ਸਟਾਫ਼ ਦੀ ਸਿਖਲਾਈ ਨੂੰ ਅਹਿਮ ਹਿੱਸਾ ਮੰਨਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀਆਂ ਤਿਆਰੀਆਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਰਿਹਾ ਹੈ।

