
ਮੋਗਾ 6 ਅਗਸਤ, (ਮੁਨੀਸ਼ ਜਿੰਦਲ)
ਸਮੂਚੇ ਪੰਜਾਬ ਦੇ ਹਰ ਆਂਗਣਵਾੜੀ ਸੈਂਟਰ, ਪ੍ਰਾਈਵੇਟ ਸਕੂਲ, ਸਰਕਾਰੀ ਸਕੂਲ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ, ਕੋਚਿੰਗ ਸੈਂਟਰ, ਆਈ.ਟੀ.ਆਈ, ਆਈਲੈਟਸ ਸੈਟਰਾਂ ਆਦਿ ਸੰਸਥਾਵਾਂ ਵਿੱਚ 7 ਅਗਸਤ ਨੂੰ ਨੈਸ਼ਨਲ ਡੀ ਵਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਅਤੇ ਹਰੇਕ ਬੱਚੇ ਤੱਕ ਇਸ ਦੀ ਖੁਰਾਕ ਪੁੱਜਦੀ ਯਕੀਨੀ ਬਨਾਉਣ ਦੇ ਉਦੇਸ਼ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਬੰਧਤ ਵਿਭਾਗਾਂ ਨਾਲ ਹੰਗਾਮੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਸਿਹਤ, ਸਿੱਖਿਆ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਕਿ ਇਸ ਮਹੱਤਵਪੂਰਨ ਦਿਵਸ ਨੂੰ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਿਆ ਜਾਵੇ। ਜ਼ਿਲ੍ਹਾ ਮੋਗਾ ਵਿੱਚ 591 ਸਰਕਾਰੀ ਸਕੂਲ, 221 ਪ੍ਰਾਈਵੇਟ ਸਕੂਲ ਅਤੇ 983 ਆਂਗਣਵਾੜੀ ਕੇਂਦਰ ਚੱਲ ਰਹੇ ਹਨ, ਉਨ੍ਹਾਂ ਸਖਤ ਹਦਾਇਤ ਕੀਤੀ ਕਿ ਕੋਈ ਵੀ ਬੱਚਾ ਇਸ ਖੁਰਾਕ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਬੱਚਿਆਂ ਦੇ ਪੇਟ ਦੇ ਕੀੜਿਆਂ ਨੂੰ ਖਤਮ ਕਰਨਾ ਨਿਰੋਗ ਸਿਹਤ ਲਈ ਜ਼ਰੂਰੀ ਹੈ। ਜੋ ਬੱਚੇ 7 ਅਗਸਤ ਨੂੰ ਗੋਲੀ ਖਾਣ ਤੋਂ ਵਾਂਝੇ ਰਹਿ ਜਾਣਗੇ ਉਨ੍ਹਾਂ ਨੂੰ 14 ਅਗਸਤ ਨੂੰ ਮੋਪ ਅੱਪ ਡੇ ਵਾਲੇ ਦਿਨ ਗੋਲੀ ਖਵਾਈ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਰਹਿਨੂਮਾਈ ਹੇਠ ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਬੰਧੀ ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।

ਮੀਟਿੰਗ ਵਿੱਚ ਹਾਜ਼ਰ ਸਿਵਲ ਸਰਜਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹੇ ਦੇ ਸਮੂਹ ਪੈਰਾ ਮੈਡੀਕਲ ਸਟਾਫ, ਮੁਹਿੰਮ ਨੂੰ ਸਫਲ ਕਰਨ ਲਈ ਆਪਣੇ ਏਰੀਆ ਦੇ ਸਕੂਲਾਂ ਅਤੇ ਆਂਗਣਵਾੜੀਆ ਵਿੱਚ ਦੌਰਾ ਕਰਨ ਤੇ ਕੰਮ ਦੀ ਸਮੀਖਿਆ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਅਧਿਆਪਕ ਅਤੇ ਆਂਗਣਵਾੜੀ ਵਰਕਰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।
ਡਾ. ਅਸ਼ੋਕ ਸਿੰਗਲਾ ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਰਜਿਸਟਰਡ ਬੱਚੇ ਜੋ ਇੱਕ ਤੋਂ ਦੋ ਸਾਲ ਦੇ ਹਨ ਨੂੰ ਐਲਬੈਂਡਾਜੋਲ ਦਾ ਸਿਰਪ ਪਿਲਾਇਆ ਜਾਣਾ ਹੈ ਜਾਂ ਐਲਬੈਂਡਾਜੋਲ ਦੀ ਅੱਧੀ ਗੋਲੀ ਵੀ ਦਿੱਤੀ ਜਾ ਸਕਦੀ ਹੈ। 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਪੂਰੀ ਗੋਲੀ 400 ਐੱਮ.ਜੀ, ਜੋ ਸਿਹਤ ਵਿਭਾਗ ਵੱਲੋਂ ਸਪਲਾਈ ਕੀਤੀ ਗਈ ਹੈ ਖਵਾਈ ਜਾਵੇਗੀ। ਇਹ ਗੋਲੀ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਬੱਚਿਆਂ ਨੂੰ ਦਿੱਤੀ ਜਾਵੇਗੀੇ ਜੋ ਚਬਾ ਕੇ ਪਾਣੀ ਨਾਲ ਖਾਣੀ ਹੈ।