
ਮੋਗਾ, 28 ਮਈ, (ਮੁਨੀਸ਼ ਜਿੰਦਲ)
ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਨੌਕਰੀਆਂ ਕੱਢੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗ ਸਾਇੰਸਿਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਲਾਭ 12ਵੀਂ ਪਾਸ ਅਤੇ 30 ਸਾਲ ਤੋਂ ਘੱਟ ਉਮਰ ਵਾਲੇ ਸਿਖਿਆਰਥੀ ਲੈ ਸਕਦੇ ਹਨ।

ਇੱਕ ਸਾਲ ਦੇ ਕੋਰਸ ਵਿੱਚ 8 ਮਹੀਨੇ ਦੀ ਆਨ ਫੀਲਡ ਟ੍ਰੇਨਿੰਗ ਸ਼ਾਮਿਲ ਹੋਵੇਗੀ ਅਤੇ ਸਿਖਲਾਈ ਦੌਰਾਨ ਹਰ ਮਹੀਨੇ 8 ਹਜਾਰ ਰੁਪਏ ਵਜੀਫਾ ਦਿੱਤਾ ਜਾਵੇਗਾ। ਕੋਰਸ ਪੂਰਾ ਕਰਨ ਤੋਂ ਬਾਅਦ ਸਰਕਾਰੀ ਯੋਗਾ ਟ੍ਰੇਨਰ ਬਣ ਕੇ 25 ਹਜਾਰ ਰੁਪਏ ਪ੍ਰਤੀ ਮਹੀਨਾ ਕਮਾਇਆ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 2 ਜੂਨ ਹੈ ਅਤੇ ਵੈਬਸਾਈਟ graupunjab.org ਉੱਪਰ ਅਪਲਾਈ ਕੀਤਾ ਜਾ ਸਕਦਾ ਹੈ। ਇਹ ਡਿਪਲੋਮਾ ਕੋਰਸ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ। ਮੋਗਾ ਦੇ 31 ਸਿਖਿਆਰਥੀਆਂ ਨੇ ਆਪਣਾ ਪਹਿਲਾ ਟਰਾਈ ਸਮੈਸਟਰ ਪੂਰਾ ਕਰ ਲਿਆ ਹੈ।
ਉਹਨਾਂ ਮੋਗਾ ਜ਼ਿਲ੍ਹਾ ਦੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਦਾ ਵੱਧ ਤੋਂ ਵੱਧ ਲਾਹਾ ਲੈਣ ਨੂੰ ਯਕੀਨੀ ਬਣਾਉਣ, ਕਿਉਂਕਿ ਇਸ ਨਾਲ ਸਿਖਿਆਰਥੀਆਂ ਦਾ ਰੋਜ਼ਗਾਰ ਦਾ ਰਾਹ ਵੀ ਪੱਧਰਾ ਹੁੰਦਾ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ ਯੋਗਾ ਦੀਆਂ 97 ਕਲਾਸਾਂ ਚਲਦੀਆਂ ਹਨ ਅਤੇ 17 ਯੋਗਾ ਟਰੇਨਰ ਜਿਲੇ ਵਿੱਚ ਤੈਨਾਤ ਹਨ। ਯੋਗਾ ਦੀਆਂ ਕਲਾਸਾਂ ਦਾ ਵੱਡੀ ਗਿਣਤੀ ਵਿੱਚ ਮੋਗਾ ਵਾਸੀ ਲਾਹਾ ਲੈ ਰਹੇ ਹਨ।