
ਮੋਗਾ 3 ਜੂਨ, (ਮੁਨੀਸ਼ ਜਿੰਦਲ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਇੱਕ ਦਿਨ, ਡੀ.ਸੀ./ ਐਸ.ਐਸ.ਪੀ. ਦੇ ਸੰਗ” ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੇ ਅੱਜ ਉੱਚ ਅਧਿਕਾਰੀਆਂ, ਡਿਪਟੀ ਕਮਿਸ਼ਨਰ ਸਾਗਰ ਸੇਤੀਆ ਤੇ ਐਸ.ਐਸ.ਪੀ. ਅਜੇ ਗਾਂਧੀ ਨਾਲ ਇੱਕ ਦਿਨ ਬਿਤਾਇਆ। ਜਿਸ ਨਾਲ ਉਹ ਆਪਣੇ ਭਵਿੱਖ ਲਈ ਸੰਜੋਏ ਸੁਪਨਿਆਂ ਨੂੰ ਸਹੀ ਦਿਸ਼ਾ ਦੇਣ ਲਈ ਪ੍ਰੇਰਿਤ ਹੋਏ। ਇਨ੍ਹਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਸੰਘਰਸ਼ਾਂ, ਪ੍ਰਾਪਤੀਆਂ ਅਤੇ ਚੁਣੌਤੀਆਂ ਬਾਰੇ ਵੀ ਜਾਣੂ ਕਰਵਾਇਆ, ਤਾਂ ਜੋ ਵਿਦਿਆਰਥੀਆਂ ਨੂੰ ਪ੍ਰਸ਼ਾਸਨ ਅਤੇ ਜਨਤਕ ਸੇਵਾ ਦੀ ਡੂੰਘੀ ਸੂਝ ਪ੍ਰਦਾਨ ਕੀਤੀ ਜਾ ਸਕੇ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਿਸ ਲਾਈਨ, ਸਾਈਬਰ ਸੈੱਲ, ਪੁਲਿਸ ਕੰਟਰੋਲ ਰੂਮ, ਸਾਂਝ ਕੇਂਦਰ, ਜ਼ਿਲ੍ਹਾ ਸਿੱਖਿਆ ਦਫਤਰ, ਰੋਜ਼ਗਾਰ ਬਿਊਰੋ ਮੋਗਾ ਦਾ ਦੌਰਾ ਕਰਵਾ ਕੇ ਹਰ ਇਕ ਸੈੱਲ ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਆਓ ਤੁਸੀਂ ਵੀ, ਇਸ ਮੌਕੇ ਦੀ ਇਕ ਵੀਡੀਓ ਤੇ ਇਕ ਨਜਰ ਮਾਰ ਲਵੋ।

ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਖਾਣਾ ਖਾਨ ਮੌਕੇ, ਹੋਣਹਾਰ ਵਿਦਿਆਰਥੀ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ, ਅਨੁਸ਼ਾਸਨ ਅਤੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਅਨੁਭਵ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਦੀਆਂ ਪ੍ਰਖਿਆਵਾਂ ਦੀ ਤਿਆਰੀ ਤੋਂ ਇਲਾਵਾ ਆਪਣੇ ਡਿਪਟੀ ਕਮਿਸ਼ਨਰ ਬਣਨ ਤੱਕ ਦੇ ਸਫਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉੱਚ ਅਹੁਦਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ, ਦ੍ਰਿੜ ਇਰਾਦੇ ਦੇ ਨਾਲ ਉੱਚ ਅਹੁਦਿਆਂ ‘ਤੇ ਬੈਠ ਕੇ ਸੁਚੱਜੇ ਢੰਗ ਨਾਲ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣਾ ਹਰ ਇੱਕ ਅਧਿਕਾਰੀ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ, ਜਿਸਨੂੰ ਬਾਖੂਬੀ ਸਮਝਣ ਦੀ ਲੋੜ ਹੈ। ਵਿਦਿਆਰਥੀਆਂ ਅਤੇ ਡਿਪਟੀ ਕਮਿਸ਼ਨਰ ਵਿੱਚਕਾਰ ਇੱਕ ਖੁੱਲ੍ਹਾ ਸੰਵਾਦ ਸੈਸ਼ਨ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਡਿਪਟੀ ਕਮਿਸ਼ਨਰ ਤੋਂ ਪ੍ਰੇਰਨਾਦਾਇਕ ਵਿਚਾਰ ਸੁਣੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੀ ਮੀਡਿਆ ਦੇ ਰੂਬਰੂ ਹੋਏ।
DC SAGAR SETIYA

ਐਸ.ਐਸ.ਪੀ. ਅਜੇ ਗਾਂਧੀ ਦੇ ਦਫਤਰ ਵਿੱਚ, ਮੌਜੂਦ ਵਿਦਿਆਰਥੀ।
ਐਸ.ਐਸ.ਪੀ. ਅਜੇ ਗਾਂਧੀ ਨੇ ਵਿਦਿਆਰਥੀਆਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆ ਦੀ ਤਿਆਰੀ, ਆਪਣੇ ਕਰੀਅਰ ਅਤੇ ਤਜ਼ੁਰਬੇ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਆਪਣੀ ਸਵੈ ਇੱਛਾ ਨਾਲ ਹੀ ਆਪਣੇ ਕਰੀਅਰ ਦੀ ਚੋਣ ਕਰਨ। ਉਨ੍ਹਾਂ ਵਿਦਿਆਰਥੀਆਂ ਨਾਲ ਆਏ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਦਬਾਅ ਅਤੇ ਜ਼ਬਰਦਸਤੀ ਦੇ ਆਪਣਾ ਕਰੀਅਰ ਆਪ ਚੁਣਨ ਦਾ ਮੌਕਾ ਦੇਣ। ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚ ਵਿਦਿਆਰਥੀ ਦੀ ਨਿੱਜੀ ਦਿਲਚਸਪੀ ਹੁੰਦੀ ਹੈ, ਉਹ ਉਸ ਖੇਤਰ ਵਿਚ ਵੱਡੀਆ ਮੱਲਾਂ ਮਾਰਨ ਦੀ ਸਮਰੱਥਾ ਰੱਖਦਾ ਹੈ। ਇਸ ਮੌਕੇ ਤੇ ਐਸ.ਐਸ.ਪੀ. ਅਜੇ ਗਾਂਧੀ ਵੀ ਮੀਡਿਆ ਦੇ ਰੂਬਰੂ ਹੋਏ।
SSP AJAY GANDHI
ਡਿਪਟੀ ਕਮਿਸ਼ਨਰ ਅਤੇ SSP ਵੱਲੋਂ ਇਹਨਾਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਮਾਪੇ, ADC ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ ਹਿਤੇਸ਼ਵੀਰ ਗੁਪਤਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਸ਼ੀਸ਼ ਕੁਮਾਰ ਸ਼ਰਮਾ, ਸਕੂਲਾਂ ਦੇ ਪ੍ਰਿੰਸਪੀਲ ਤੇ ਅਧਿਆਪਕ ਮੌਜੂਦ ਸਨ। ਇਸ ਮੌਕੇ ਤੇ ਕੁੱਜ ਹੋਣਹਾਰ ਵਿਦਿਆਰਥੀਆਂ ਨੇ ਵੀ ਮੀਡਿਆ ਦੇ ਰੂਬਰੂ ਹੋਕੇ, ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।