
ਮੋਗਾ 16 ਫਰਵਰੀ (ਮੁਨੀਸ਼ ਜਿੰਦਲ)
ਪੰਜਾਬ ਸਰਕਾਰ ਅਤੇ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਸਿਵਿਲ ਸਰਜਨ ਮੋਗਾ ਡਾਕਟਰ ਰਮਨਦੀਪ ਅਹੁਲਵਾਲੀਆ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵੱਲੋਂ ਲੋੱਕਾਂ ਨੂੰ ਬੱਚਿਆਂ ਵਿੱਚ ਵੱਧ ਰਹੇ ਕੈਂਸਰ ਸੰਬੰਧੀ ਜਾਗਰੂਕ ਕਰਦੇ ਹੋਏ, ਸਹਾਇਕ ਸਿਵਿਲ ਸਰਜਨ ਅਤੇ ਨੋਡਲ ਅਫ਼ਸਰ, ਕੈਂਸਰ ਸੈੱਲ ਮੋਗਾ, ਡਾਕਟਰ ਜਯੋਤੀ ਨੇ ਦੱਸਿਆ ਕਿ ਬੱਚਿਆਂ ਦਾ ਇਹ ਕੈਂਸਰ ਡੇ, ਹਰੇਕ ਸਾਲ 15 ਫਰਵਰੀ ਨੂੰ ਮਨਾਇਆ ਜਾਂਦਾ ਹੈ।


ਡਾਕਟਰ ਜੋਤੀ ਨੇ ਦੱਸਿਆ ਕਿ ਬੱਚਿਆਂ ਵਿੱਚ ਮੌਤ ਦਾ ਵੱਡਾ ਕਾਰਣ ਕੈਂਸਰ ਹੈ। ਇਸ ਦਿਨ ਦਾ ਮਕਸਦ, ਬਚਪਨ ਦੇ ਕੈਂਸਰ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ, ਕੈਂਸਰ ਨਾਲ ਪੀੜਤ ਬੱਚਿਆਂ ਅਤੇ ਕਿਸ਼ੋਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਰਥਨ ਪ੍ਰਗਟ ਕਰਨਾ ਅਤੇ ਵਧੀਆ ਸੰਭਵ ਇਲਾਜ, ਦੇਖਭਾਲ ਅਤੇ ਸਹਾਇਤਾ ਕਰਨਾ ਹੈ। ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਬਚਪਨ ਦੇ ਕੈਂਸਰ ਸਬੰਧੀ ਮਰੀਜਾਂ ਨੂੰ ਇਲਾਜ ਅਤੇ ਦੇਖਭਾਲ ਲਈ ਪ੍ਰੇਰਿਤ ਕਰ ਰਹੇ ਹਨ। ਡਾ ਜਯੋਤੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ, 20 ਸਾਲ ਤੋਂ ਘੱਟ ਉਮਰ ਦੇ 4 ਲੱਖ ਤੋਂ ਵੱਧ ਬੱਚਿਆਂ ਵਿੱਚ ਕੈਂਸਰ ਪਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਦਾ ਟੀਚਾ 2030 ਤੱਕ ਬਚਪਣ ਵਿੱਚ ਹੋਣ ਵਾਲੇ ਕੈਂਸਰ ਦੇ 60 ਪ੍ਰਤੀਸ਼ਤ ਬੱਚਿਆਂ ਨੂੰ ਕੈਂਸਰ ਤੋਂ ਬਚਾਉਣਾ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਬੱਚਿਆਂ ਦਾ ਸਤਿਕਾਰ ਕਰਦੇ ਹਾਂ, ਜ਼ੋ ਦਰਦ ਸਹਿ ਰਹੇ ਹਨ ਅਤੇ ਉਹਨਾਂ ਲਈ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ। ਉਹਨਾਂ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਲੰਮੇ ਸਮੇਂ ਤੋਂ ਬੁਖਾਰ, ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਗੰਢ, ਭਾਰ ਘੱਟਣਾ, ਜੋੜਾਂ ਵਿੱਚ ਦਰਦ, ਚਮੜੀ ਤੇ ਲਾਲ ਨਾਭੀ ਰੰਗ ਦੇ ਧੱਬੇ, ਅੱਖ ਦੇ ਕੇਂਦਰ ਚ ਚਿੱਟੇ ਰੰਗ ਦੀ ਬਿੰਦੀ, ਸਵੇਰੇ ਉੱਠਣ ਵੇਲੇ ਉਲਟੀ, ਮਾਮੂਲੀ ਸੱਟ ਨਾਲ ਹੱਡੀ ਟੁੱਟਣਾ, ਨਿਰੰਤਰ ਸਿਰਦਰਦ ਆਦਿ ਲੱਛਣ ਨਜ਼ਰ ਆਉਣ, ਤਾਂ ਨੇੜੇ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।

ਸਹਾਇਕ ਸਿਵਿਲ ਸਰਜਨ, ਡਾਕਟਰ ਜੋਤੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਜੰਕ ਫੂਡ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਕਸਰਤ ਦੀ ਆਦਤ ਪਾਓ, ਮੋਟਾਪੇ ਤੋਂ ਬਚੋ, ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਆਪਣੇ ਬੱਚਿਆਂ ਨੂੰ ਮਾਨਸਿਕ ਤਨਾਅ ਤੋਂ ਬਚਾਉਣ ਲਈ ਖੇਡਾਂ ਅਤੇ ਯੋਗਾ ਵੱਲ ਪ੍ਰੇਰਿਤ ਕਰੋ। ਉਹਨਾਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾ ਅਧੀਨ ਪੰਜਾਬ ਦੇ ਵਸਨੀਕਾਂ ਲਈ ਡੇਢ ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਦੀ ਸਹੂਲਤ ਸਰਕਾਰੀ ਅਤੇ ਪੰਜਾਬ ਸਰਕਾਰ ਦੁਆਰਾ ਐਂਪਨੈਲਡ ਹਸਪਤਾਲਾਂ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਵੀ ਕੈਂਸਰ ਦੇ ਇਲਾਜ ਦੀ ਸਹੂਲਤ ਹੈ।

