“ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸੰਪੰਨ ! ਮੋਗਾ, 25 ਜਨਵਰੀ (ਮੁਨੀਸ਼ ਜਿੰਦਲ) ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਦੀ ਉਮਰ ਪੂਰੀ ਕਰਨ ਤੇ ਇੱਕ ਵੋਟਰ ਬਣ ਕੇ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ। ਇਸਦੇ ਨਾਲ ਉਹ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਇਹ ਵਿਚਾਰ ਉਨ੍ਹਾਂ ਅੱਜ ਆਈ.ਐਸ.ਐਫ. ਕਾਲਜ, ਘੱਲ ਕਲਾਂ ਵਿਖੇ ਰਾਸ਼ਟਰੀ ਵੋਟਰ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਸਮਾਗਮ ਵਿੱਚ ਨੌਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਅਤੇ ਜ਼ਰੂਰੀ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ। “ਨਥਿੰਗ ਲਾਈਕ ਵੋਟ, ਆਈ ਵੋਟ ਫਾਰ ਸ਼ੋਅਰ” ਦੇ ਸਲੋਗਨ ਹੇਠ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਵਧਿਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕਰਦੇ DC ਵਿਸ਼ੇਸ਼ ਸਾਰੰਗਲ। (ਫੋਟੋ: ਡੈਸਕ) ਸਮਾਗਮ ਨੂੰ ਸੰਬੋਧਨ ਕਰਦਿਆਂ DC ਸਾਰੰਗਲ ਨੇ ਕਿਹਾ ਕਿ ਜੇ ਅੱਜ ਅਸੀਂ ਆਜ਼ਾਦ ਭਾਰਤ ਦੇ ਵਾਸੀ ਕਹਿਲਾਉਂਦੇ ਹਾਂ ਤਾਂ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਇਹ ਅਜ਼ਾਦੀ ਸਾਨੂੰ ਕਿੰਨੇ ਸੰਘਰਸ਼ਾਂ ਪਿੱਛੋਂ ਪ੍ਰਾਪਤ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਪੂਰਵਜ਼ਾਂ ਨੇ ਅਜ਼ਾਦੀ ਲਈ ਬੜਾ ਸੰਘਰਸ਼ ਕੀਤਾ ਹੈ। ਹੁਣ ਅਸੀਂ ਇਸ ਦੇਸ਼ ਦੀ ਲੋਕਤੰਤਰੀ ਭਾਵਨਾ ਅਤੇ ਖੁਸ਼ਹਾਲੀ ਲਈ ਸੰਘਰਸ਼ ਕਰਨਾ ਹੈ। ਇਹ ਸਾਰਾ ਕੁਝ ਵੋਟ ਦੇ ਅਧਿਕਾਰ ਰਾਹੀਂ ਹੀ ਸੰਭਵ ਹੋ ਸਕਦਾ ਹੈ। ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ।ਉਹਨਾਂ ਨੇ ਸਾਕਾਰਆਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੋਟਰ ਬਣਨ ਦਾ ਖਾਸ ਮਹੱਤਵ ਇਸ ਕਰਕੇ ਵੀ ਹੈ, ਕਿਉਂਕਿ ਇਸੇ ਸਾਲ ਦੇਸ਼ ਦੀਆਂ ਸਭ ਤੋਂ ਵੱਡੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਵੋਟਰ ਜਾਗਰੂਕਤਾ ਸੰਬੰਧੀ ਵਧੀਆ ਕੰਮ ਕਰਨ ਬਦਲੇ ਬੈੱਸਟ ਰਿਟਰਨਿੰਗ ਅਫ਼ਸਰ ਵਜੋਂ ਐੱਸ. ਡੀ. ਐੱਮ. ਮੋਗਾ, ਸਾਰੰਗਪ੍ਰੀਤ ਸਿੰਘ, ਬੈਸਟ ਨੋਡਲ ਅਫ਼ਸਰ ਸਵੀਪ ਗਤੀਵਿਧੀਆਂ ਗੁਰਪ੍ਰੀਤ ਸਿੰਘ ਘਾਲੀ, ਡਿਸਟ੍ਰਿਕਟ ਆਈਕਨ ਵਿਮੈਨ ਜਸਪ੍ਰੀਤ ਕੌਰ ਢਿੱਲੋਂ, ਬੈਸਟ ਬੀ. ਐੱਲ. ਓ. ਕਿਰਨਜੀਤ ਕੌਰ (ਬੂਥ ਨੰਬਰ 23 ਹਲਕਾ ਮੋਗਾ) ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਮੋਗਾ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹੋਰ ਵਰਗਾਂ ਤੋਂ ਇਲਾਵਾ ਖਾਸ ਤੌਰ ਤੇ ਦਿਵਿਆਂਗਜਨਾਂ ਨੇ ਵੀ ਵਿਸ਼ੇਸ਼ ਸ਼ਮੂਲੀਅਤ ਕੀਤੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਵੋਟ ਦੇ ਸਹੀ ਅਤੇ ਜ਼ਰੂਰੀ ਇਸਤੇਮਾਲ ਬਾਰੇ ਸਹੁੰ ਵੀ ਚੁਕਾਈ। ਇਸ ਮੌਕੇ ਭਾਸ਼ਣ ਮੁਕਾਬਲੇ ਤੇ ਕੁਇਜ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਸਮਾਗਮ ਵਿਚ ADC ਜਨਰਲ ਮੈਡਮ ਚਾਰੂਮਿਤਾ, ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਚੇਅਰਮੈਨ ਆਈ.ਐਸ.ਐਫ ਕਾਲਜ, ਪਰਵੀਨ ਗਰਗ, ਡਾਇਰੈਕਟਰ ਜੀ.ਡੀ. ਗੁਪਤਾ, ਪਿਸੀਪਲ ਆਰ.ਕੇ. ਨਾਰੰਗ ਸਣੇ ਕਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। Share this: Share on Facebook (Opens in new window) Facebook Share on X (Opens in new window) X Share on WhatsApp (Opens in new window) WhatsApp Like this:Like Loading…